ਬਿਜਲੀ-ਪਾਣੀ ਤੋਂ ਬਾਅਦ ਹੁਣ ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਦਿੱਤਾ ਇਹ ਤੋਹਫਾ
Thursday, Aug 08, 2019 - 05:42 PM (IST)
ਨਵੀਂ ਦਿੱਲੀ—ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਭਾਵ ਵੀਰਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਦਿੱਲੀ ਵਾਸੀਆਂ ਲਈ ਮੁਫਤ ਬਿਜਲੀ-ਪਾਣੀ ਤੋਂ ਬਾਅਦ ਹੁਣ ਕੇਜਰੀਵਾਲ ਸਰਕਾਰ ਵੱਲੋਂ ਹਰ ਯੂਜ਼ਰ ਨੂੰ ਪ੍ਰਤੀ ਮਹੀਨੇ 15 ਜੀ. ਬੀ. ਡਾਟਾ ਮੁਫਤ ਦੇਣ ਦਾ ਵੱਡਾ ਐਲਾਨ ਕੀਤਾ ਹੈ।
ਦੱਸ ਦੇਈਏ ਕਿ ਕੇਜਰੀਵਾਲ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਦਿੱਲੀ ਵਾਸੀਆਂ ਲਈ ਵੱਡਾ ਐਲਾਨ ਕਰਦੇ ਹੋਏ ਹਰ ਯੂਜ਼ਰ ਨੂੰ ਮੁਫਤ ਇੰਟਰਨੈੱਟ ਦੇਣ ਦਾ ਵਾਅਦਾ ਕੀਤਾ ਸੀ। ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਹੈ ਕਿ ਦਿੱਲੀ ਸਰਕਾਰ ਵੱਲੋਂ ਮੁਫਤ ਇੰਟਰਨੈੱਟ ਯੋਜਨਾ ਤਹਿਤ ਪੂਰੀ ਦਿੱਲੀ 'ਚ ਸਰਕਾਰ ਵੱਲੋਂ 11,000 ਵਾਈ-ਫਾਈ ਹਾਟ ਸਪਾਟ ਲਗਾਏ ਜਾਣਗੇ। ਉਨ੍ਹਾਂ ਨੇ ਦੱਸਿਆ ਹੈ ਕਿ ਦਿੱਲੀ ਦੇ ਹਰ ਵਿਧਾਨ ਸਭਾ ਖੇਤਰ 'ਚ 100 ਹਾਟ ਸਪਾਟ ਲਗਾਏ ਜਾਣਗੇ। ਇੰਨਾ ਹੀ ਨਹੀਂ ਬੱਸ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸਹੂਲਤ ਲਈ ਬੱਸ ਸਟੈਂਡ 'ਚ 4,000 ਹਾਟ-ਸਪਾਟ ਲਗਾਏ ਜਾਣਗੇ। ਇਸ ਤੋਂ ਇਲਾਵਾ ਔਰਤਾਂ ਦੀ ਸੁਰੱਖਿਆ ਲਈ 'ਆਪ' ਸਰਕਾਰ ਨੇ ਅੱਜ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਦਿੱਲੀ 'ਚ ਹਰ ਵਿਧਾਨ ਸਭਾ 'ਚ 2000 ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ। ਸੀ. ਐੱਮ. ਕੇਜਰੀਵਾਲ ਨੇ ਦੱਸਿਆ ਹੈ ਕਿ ਜਨਤਾ ਦੀ ਭਾਰੀ ਮੰਗ 'ਤੇ ਹੁਣ ਪੂਰੀ ਦਿੱਲੀ 'ਚ 1 ਲੱਖ 40 ਹਜ਼ਾਰ ਸੀ. ਸੀ. ਟੀ. ਵੀ. ਕੈਮਰੇ ਵੀ ਲੱਗਣਗੇ।
ਜ਼ਿਕਰਯੋਗ ਹੈ ਕਿ 2 ਅਗਸਤ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਹਰ ਮਹੀਨੇ 200 ਯੂਨਿਟ ਤੱਕ ਬਿਜਲੀ ਦੀ ਬਿੱਲ ਮਾਫ ਕਰਨ ਦਾ ਐਲਾਨ ਕੀਤਾ ਸੀ। ਇਸ 'ਚ 200 ਯੂਨਿਟ ਤੱਕ ਮਾਫ ਅਤੇ 201 ਤੋਂ ਲੈ ਕੇ 400 ਯੂਨਿਟ ਤੱਕ ਬਿਜਲੀ ਵਰਤਦਾ ਹੈ ਤਾਂ ਉਸ ਨੂੰ ਪੂਰੇ ਪੈਸੇ ਦੇਣੇ ਪੈਣਗੇ।