ਫਟਿਆ ਬਦਲ ਅਤੇ ਹੋਇਆ ਲੈਂਡ ਸਲਾਈਡ, 10 ਲੋਕਾਂ ਦੀ ਮੌਤ
Wednesday, Jul 02, 2025 - 05:46 PM (IST)

ਸ਼ਿਮਲਾ/ਮੰਡੀ- ਹਿਮਾਚਲ ਪ੍ਰਦੇਸ਼ 'ਚ ਮੰਗਲਵਾਰ ਨੂੰ ਲੈਂਡ ਸਲਾਈਡ ਅਤੇ ਬੱਦਲ ਫਟਣ ਦੀਆਂ ਕਈ ਘਟਨਾਵਾਂ 'ਚ ਮੰਡੀ ਜ਼ਿਲ੍ਹੇ 'ਚ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ, ਜਦੋਂ ਕਿ 34 ਲਾਪਤਾ ਹਨ। ਹਿਮਾਚਲ ਪ੍ਰਦੇਸ਼ ਸੂਬਾ ਆਫ਼ਤ ਸੰਚਾਲਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਤਿੰਨ ਸਾਲਾਂ ਤੋਂ ਸੂਬੇ 'ਚ ਲਗਾਤਾਰ ਕਹਿਰ ਵਰ੍ਹਾ ਰਹੇ ਮਾਨਸੂਨ ਕਾਰਨ ਇਕ ਵਾਰ ਫਿਰ ਤੋਂ ਮੰਡੀ ਦੇ ਕਈ ਖੇਤਰਾਂ ਖ਼ਾਸ ਕਰ ਕੇ ਕਰਸੋਗ, ਥੁਨਾਗ, ਪਧਰ ਅਤੇ ਗੋਹਰ ਸਬ-ਡਿਵੀਜ਼ਨਾਂ ਵਿਚ ਤਬਾਹੀ ਮਚੀ ਹੋਈ ਹੈ। ਇਸ ਦਰਮਿਆਨ 20 ਜੂਨ ਤੋਂ 1 ਜੁਲਾਈ ਦਰਮਿਆਨ ਸੂਬੇ ਵਿਚ ਮੌਸਮ ਸਬੰਧੀ ਘਟਨਾਵਾਂ ਵਿਚ ਲੱਗਭਗ 90 ਲੋਕਾਂ ਦੀ ਮੌਤ ਜਾਂ ਲਾਪਤਾ ਹੋਣ ਦੀ ਸੂਚਨਾ ਹੈ।
ਬੁੱਧਵਾਰ ਸਵੇਰੇ 8 ਵਜੇ ਜਾਰੀ ਕੀਤੀ ਗਈ 32 ਘੰਟੇ ਦੀ ਸਥਿਤੀ ਰਿਪੋਰਟ ਮੁਤਾਬਕ ਮੰਡੀ ਦੇ ਵੱਖ-ਵੱਖ ਹਿੱਸਿਆਂ ਤੋਂ 10 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ 34 ਲੋਕਾਂ ਦੇ ਅਧਿਕਾਰਤ ਤੌਰ 'ਤੇ ਲਾਪਤਾ ਦੱਸੇ ਜਾ ਰਹੇ ਹਨ। ਕਈ ਲੋਕਾਂ ਦੇ ਮਲਬੇ ਹੇਠ ਫਸਣ ਜਾਂ ਅਚਾਨਕ ਹੜ੍ਹ ਵਿਚ ਵਹਿ ਜਾਣ ਦਾ ਖਦਸ਼ਾ ਹੈ। ਇਸ ਦੌਰਾਨ 5 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ ਅਤੇ 370 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। ਹਾਲਾਂਕਿ 11 ਲੋਕ ਅਜੇ ਵੀ ਫਸੇ ਹੋਏ ਹਨ।
NDRF ਅਤੇ SDRF ਦੀਆਂ ਬਚਾਅ ਟੀਮਾਂ ਨੂੰ ਕਰਸੋਗ, ਗੋਹਰ ਅਤੇ ਥੁਨਾਗ ਵਿਚ ਤਾਇਨਾਤ ਕੀਤਾ ਗਿਆ ਹੈ, ਜਿੱਥੇ ਬੱਦਲ ਫਟਣ ਨਾਲ ਘਰਾਂ ਅਤੇ ਜਨਤਕ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿਚ ਸਿਆਂਜ, ਗੋਹਰ ਸ਼ਾਮਲ ਹਨ, ਜਿੱਥੇ 9 ਲੋਕ ਵਹਿ ਗਏ। ਇੱਥੇ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ 7 ਅਜੇ ਤੱਕ ਲਾਪਤਾ ਹਨ। ਪਰਵਾੜਾ ਅਤੇ ਤਲਵਾੜਾ ਵਿਚ ਪਿੰਡਾਂ ਵਿਚੋਂ ਇਕ ਹੀ ਪਰਿਵਾਰ ਦੇ ਦੋ ਲੋਕ ਲਾਪਤਾ ਦੱਸੇ ਗਏ ਹਨ, ਜਿਨ੍ਹਾਂ ਵਿਚੋਂ ਇਕ ਦੀ ਲਾਸ਼ ਬਰਾਮਦ ਕੀਤੀ ਗਈ ਹੈ।