ਸਦੀ ਦੇ ਅਖ਼ੀਰ ਤਕ ਦੁਨੀਆ ਦੇ ਲਗਭਗ 840 ਕਰੋੜ ਲੋਕਾਂ ’ਤੇ ਮੰਡਰਾ ਰਿਹਾ ਹੋਵੇਗਾ ਡੇਂਗੂ ਤੇ ਮਲੇਰੀਆ ਦਾ ਖ਼ਤਰਾ

Saturday, Jul 10, 2021 - 09:19 AM (IST)

ਸਦੀ ਦੇ ਅਖ਼ੀਰ ਤਕ ਦੁਨੀਆ ਦੇ ਲਗਭਗ 840 ਕਰੋੜ ਲੋਕਾਂ ’ਤੇ ਮੰਡਰਾ ਰਿਹਾ ਹੋਵੇਗਾ ਡੇਂਗੂ ਤੇ ਮਲੇਰੀਆ ਦਾ ਖ਼ਤਰਾ

ਨੈਸ਼ਨਲ ਡੈਸਕ : ਇਹ ਗੱਲ ਤਾਂ ਕਈ ਅਧਿਐਨਾਂ ਵਿਚ ਸਾਹਮਣੇ ਆਈ ਹੈ ਕਿ ਪੂਰੀ ਦੁਨੀਆ ਨੂੰ ਆਉਣ ਵਾਲੇ ਸਮੇਂ ਵਿਚ ਕਈ ਮਹਾਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਮਤਲਬ ਜੇ ਅਸੀਂ ਕੋਰੋਨਾ ਦੀ ਲਪੇਟ ’ਚੋਂ ਬਾਹਰ ਆ ਵੀ ਗਏ ਤਾਂ ਸਾਨੂੰ ਇਕ ਨਵੀਂ ਮਹਾਮਾਰੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ। ਹੁਣੇ ਜਿਹੇ ‘ਦਿ ਲੈਂਸੇਟ ਪਲੈਨੇਟਰੀ ਹੈਲਥ’ ਵਿਚ ਛਪੇ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਵਿਸ਼ਵ ਪੱਧਰ ’ਤੇ ਗੈਸਾਂ ਦਾ ਰਿਸਾਅ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਸਦੀ ਦੇ ਅਖ਼ੀਰ ਤਕ ਲਗਭਗ 840 ਕਰੋੜ ਲੋਕਾਂ ’ਤੇ ਡੇਂਗੂ ਤੇ ਮਲੇਰੀਆ ਦਾ ਖ਼ਤਰਾ ਮੰਡਰਾਉਣ ਲੱਗੇਗਾ। ਖੋਜ ਅਨੁਸਾਰ ਜੇ ਤਾਪਮਾਨ ਇਸੇ ਤੇਜ਼ੀ ਨਾਲ ਵਧਦਾ ਰਿਹਾ ਤਾਂ ਅਗਲੇ 50 ਸਾਲਾਂ ’ਚ ਭਾਰਤ ਸਮੇਤ ਅਫਰੀਕਾ ਵਿਚ ਮਲੇਰੀਆ ਦੇ ਫੈਲਾਅ ਦਾ ਜੋ ਸਮਾਂ ਹੁੰਦਾ ਹੈ, ਉਸ ਵਿਚ ਇਕ ਮਹੀਨੇ ਅਤੇ ਡੇਂਗੂ ਦੇ ਫੈਲਾਅ ਦੇ ਸਮੇਂ ਵਿਚ ਲਗਭਗ 4 ਮਹੀਨਿਆਂ ਦਾ ਵਾਧਾ ਹੋ ਜਾਵੇਗਾ। ਸਿੱਟੇ ਵਜੋਂ 2078 ਤਕ ਦੁਨੀਆ ਦੀ ਲਗਭਗ 89.3 ਫ਼ੀਸਦੀ ਆਬਾਦੀ (840 ਕਰੋੜ ਲੋਕ) ਉਨ੍ਹਾਂ ਖੇਤਰਾਂ ਵਿਚ ਰਹਿ ਰਹੀ ਹੋਵੇਗੀ ਜਿੱਥੇ ਮਲੇਰੀਆ ਦੇ ਫੈਲਣ ਦਾ ਖ਼ਤਰਾ ਹੋਵੇਗਾ। ਇਸੇ ਤਰ੍ਹਾਂ 2080 ਤਕ ਲਗਭਗ 850 ਕਰੋੜ ਲੋਕ ਉਨ੍ਹਾਂ ਥਾਵਾਂ ’ਤੇ ਰਹਿ ਰਹੇ ਹੋਣਗੇ ਜਿੱਥੇ ਡੇਂਗੂ ਫੈਲਣ ਦਾ ਖ਼ਤਰਾ ਹੋਵੇਗਾ।

ਇਹ ਵੀ ਪੜ੍ਹੋ: ਪਾਕਿਸਤਾਨ: ਪੰਜਾਬ ਸਰਕਾਰ ਟਾਰਜੈਂਡਰ ਲੋਕਾਂ ਲਈ ਸਥਾਪਤ ਕਰੇਗੀ ਪਹਿਲਾ ਸਰਕਾਰੀ ਸਕੂਲ

2019 ’ਚ ਮਲੇਰੀਆ ਦੇ 22.9 ਕਰੋੜ ਮਾਮਲੇ, 4.09 ਲੱਖ ਲੋਕਾਂ ਦੀ ਹੋਈ ਸੀ ਮੌਤ
ਜੇ ਵਿਸ਼ਵ ਸਿਹਤ ਸੰਗਠਨ ਵਲੋਂ ਜਾਰੀ ਵਰਲਡ ਮਲੇਰੀਆ ਰਿਪੋਰਟ 2020 ਵਿਚ ਦਿਖਾਏ ਗਏ ਅੰਕੜਿਆਂ ਨੂੰ ਦੇਖੀਏ ਤਾਂ ਉਸ ਦੇ ਅਨੁਸਾਰ 2019 ਵਿਚ ਮਲੇਰੀਆ ਦੇ 22.9 ਕਰੋੜ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿਚੋਂ 4.09 ਲੱਖ ਲੋਕਾਂ ਦੀ ਮੌਤ ਹੋ ਗਈ ਸੀ। ਦੁਨੀਆ ਦੀ ਲਗਭਗ ਅੱਧੀ ਆਬਾਦੀ ’ਤੇ ਇਸ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਦੇ ਸਭ ਤੋਂ ਵੱਧ ਮਾਮਲੇ ਅਫਰੀਕਾ ਵਿਚ ਸਾਹਮਣੇ ਆਏ ਸਨ, ਜਦੋਂਕਿ ਇਨ੍ਹਾਂ ਕਾਰਨ ਹੋਣ ਵਾਲੀਆਂ ਲਗਭਗ 90 ਫ਼ੀਸਦੀ ਮੌਤਾਂ ਅਫਰੀਕਾ ਵਿਚ ਹੀ ਹੋਈਆਂ ਸਨ। ਇਨ੍ਹਾਂ ਵਿਚੋਂ ਲਗਭਗ 15.6 ਕਰੋੜ ਮਾਮਲੇ ਭਾਰਤ ਵਿਚ ਵੀ ਸਾਹਮਣੇ ਆਏ ਸਨ।

ਜੇ ਡੇਂਗੂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਮੱਛਰਾਂ ਨਾਲ ਫੈਲਣ ਵਾਲੀ ਬੀਮਾਰੀ ਹੈ। ਇਸ ਦੇ ਜ਼ਿਆਦਾਤਰ ਮਾਮਲੇ ਸ਼ਹਿਰੀ ਤੇ ਅਰਧ-ਸ਼ਹਿਰੀ ਖੇਤਰਾਂ ਵਿਚ ਦੇਖੇ ਜਾਂਦੇ ਹਨ। ਪਿਛਲੇ ਕੁਝ ਦਹਾਕਿਆਂ ਦੌਰਾਨ ਇਸ ਦੇ ਮਾਮਲਿਆਂ ਵਿਚ ਵੀ ਵਾਧਾ ਦੇਖਿਆ ਗਿਆ ਹੈ। ਡਬਲਯੂ. ਐੱਚ. ਓ. ਅਨੁਸਾਰ ਦੁਨੀਆ ਭਰ ਵਿਚ ਹਰ ਸਾਲ ਇਸ ਤੋਂ ਲਗਭਗ 40 ਕਰੋੜ ਲੋਕ ਪੀੜਤ ਹੋ ਜਾਂਦੇ ਹਨ। ਅਨੁਮਾਨ ਹੈ ਕਿ ਦੁਨੀਆ ਵਿਚ ਲਗਭਗ 370 ਕਰੋੜ ਲੋਕ ਇਸ ਦੇ ਖਤਰੇ ਹੇਠ ਹਨ। ਹਾਲਾਂਕਿ ਇਸ ਦੇ ਜੋ ਮਾਮਲੇ ਸਾਹਮਣੇ ਆਉਂਦੇ ਹਨ, ਉਨ੍ਹਾਂ ਦਾ ਅੰਕੜਾ ਕਾਫੀ ਘੱਟ ਹੈ। 2019 ਵਿਚ ਇਸ ਦੇ ਲਗਭਗ 52 ਲੱਖ ਮਾਮਲੇ ਸਾਹਮਣੇ ਆਏ ਸਨ, ਜੋ ਪਿਛਲੇ 2 ਦਹਾਕਿਆਂ ਵਿਚ 8 ਗੁਣਾ ਵਧ ਚੁੱਕੇ ਹਨ।

ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਸੂਚੀ ’ਚ ਚੀਨ ਅਤੇ UAE ਦੀ ਬੱਲੇ-ਬੱਲੇ, ਭਾਰਤ ਨੂੰ ਵੱਡਾ ਝਟਕਾ

ਵੈਕਟਰ ਕਾਰਨ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੇ ਫੈਲਣ ਦਾ ਖ਼ਤਰਾ ਜ਼ਿਆਦਾ
ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ ਦੇ ਪੋਰਟਲ ’ਤੇ ਛਪੀ ਇਕ ਰਿਪੋਰਟ ਅਨੁਸਾਰ ਜਲਵਾਯੂ ਤਬਦੀਲੀ ’ਤੇ ਇਹ ਚਿੰਤਾਵਾਂ ਇਸ ਲਈ ਵੀ ਜ਼ਾਹਿਰ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਇਸ ਕਾਰਨ ਵੈਕਟਰ ਕਰ ਕੇ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੇ ਫੈਲਣ ਦਾ ਖ਼ਤਰਾ ਕਾਫੀ ਵਧ ਗਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਤਾਪਮਾਨ ਵਿਚ ਹੋ ਰਹੇ ਵਾਧੇ ਕਾਰਨ ਮੱਛਰ ਲੰਮੇ ਸਮੇਂ ਤਕ ਜ਼ਿੰਦਾ ਰਹਿ ਸਕਦੇ ਹਨ ਅਤੇ ਉਨ੍ਹਾਂ ਦੇ ਕੱਟਣ ਦੀ ਦਰ ਵਿਚ ਵੀ ਵਾਧਾ ਹੋ ਜਾਵੇਗਾ। ਨਾਲ ਹੀ ਉਨ੍ਹਾਂ ਵਿਚ ਮੌਜੂਦ ਰੋਗਾਣੂ ਵੀ ਤੇਜ਼ੀ ਨਾਲ ਫੈਲ ਸਕਦੇ ਹਨ। ਇਸ ਕਾਰਨ ਇਨ੍ਹਾਂ ਦੀ ਪ੍ਰਜਨਨ ਮਿਆਦ ਘਟ ਰਹੀ ਹੈ ਅਤੇ ਫੈਲਾਅ ਦਾ ਸਮਾਂ ਵਧ ਗਿਆ ਹੈ।

ਰਿਪੋਰਟ ਅਨੁਸਾਰ ਜੇ ਕਿਸੇ ਵੀ ਜਲਵਾਯੂ ਮਾਹੌਲ ਅਨੁਸਾਰ ਦੇਖੀਏ ਤਾਂ ਸਦੀ ਦੇ ਅਖ਼ੀਰ ਤਕ ਇਕ ਵੱਡੀ ਆਬਾਦੀ ਡੇਂਗੂ ਤੇ ਮਲੇਰੀਆ ਦੇ ਖਤਰਿਆਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਵੇਗੀ। ਅਨੁਮਾਨ ਹੈ ਕਿ ਜੇ ਸਦੀ ਦੇ ਅਖ਼ੀਰ ਤਕ ਵੈਸ਼ਵਿਕ ਰਿਸਾਅ ਸਿਫਰ ਹੋ ਜਾਂਦਾ ਹੈ ਅਤੇ ਤਾਪਮਾਨ ਵਿਚ ਹੋ ਰਹੇ ਵਾਧੇ ਨੂੰ ਅਸੀਂ 1 ਡਿਗਰੀ ਸੈਲਸੀਅਸ ’ਤੇ ਰੋਕਣ ’ਚ ਸਫਲ ਹੋ ਜਾਂਦੇ ਹਾਂ ਤਾਂ ਵੀ ਸਦੀ ਦੇ ਅਖ਼ੀਰ ਤਕ ਲਗਭਗ 235 ਕਰੋੜ ਹੋਰ ਲੋਕ ਮਲੇਰੀਆ ਵਾਲੀਆਂ ਅਤੇ 241 ਕਰੋੜ ਹੋਰ ਲੋਕ ਉਨ੍ਹਾਂ ਥਾਵਾਂ ’ਤੇ ਰਹਿ ਰਹੇ ਹੋਣਗੇ ਜਿੱਥੇ ਡੇਂਗੂ ਫੈਲਣ ਦਾ ਖ਼ਤਰਾ ਹੈ। ਹਾਲਾਂਕਿ ਜੇ ਹੁਣੇ ਤੋਂ ਰਿਸਾਅ ਨੂੰ ਰੋਕਣ ਦੀ ਦਿਸ਼ਾ ’ਚ ਯਤਨ ਕੀਤੇ ਜਾਣ ਤਾਂ ਇਨ੍ਹਾਂ ਦੇ ਅਸਰ ਨੂੰ ਕਾਫੀ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ। ਫਿਲਹਾਲ ਜੇ ਦੁਨੀਆ ਦਾ ਪਿੱਛਾ ਕੋਰੋਨਾ ਵਾਇਰਸ ਤੋਂ ਛੁਟ ਵੀ ਗਿਆ ਤਾਂ ਜਲਵਾਯੂ ਤਬਦੀਲੀ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਜਾਣਕਾਰਾਂ ਦਾ ਕਹਿਣਾ ਹੈ ਕਿ ਦੁਨੀਆ ਨੂੰ ਬਚਾਉਣ ਲਈ ਚੌਗਿਰਦੇ ’ਤੇ ਕੰਮ ਕਰਨਾ ਵੀ ਜ਼ਰੂਰੀ ਹੈ।

ਇਹ ਵੀ ਪੜ੍ਹੋ: ਖੋਜ ’ਚ ਵੱਡਾ ਦਾਅਵਾ, 130 ਸਾਲ ਤੱਕ ਜੀਅ ਸਕੇਗਾ ਇਨਸਾਨ, ਜਾਣੋ ਕਿਵੇਂ

ਮੱਛਰ ਉੱਥੇ ਵੀ ਪਹੁੰਚਣਗੇ ਜਿੱਥੇ ਅਜੇ ਨਹੀਂ ਜਾ ਸਕਦੇ
ਖੋਜੀਆਂ ਵਲੋਂ ਅਨੁਮਾਨ ਹੈ ਕਿ ਸਦੀ ਦੇ ਅਖ਼ੀਰ ਤਕ ਜੇ ਤਾਪਮਾਨ ਵਿਚ ਹੋ ਰਿਹਾ ਵਾਧਾ 3.7 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਤਾਂ ਲਗਭਗ 470 ਕਰੋੜ ਹੋਰ ਲੋਕ ਮਲੇਰੀਆ ਤੇ ਡੇਂਗੂ ਦੀ ਪਕੜ ’ਚ ਹੋਣਗੇ। ਜੇ ਤਾਪਮਾਨ ਵਿਚ ਹੋ ਰਹੇ ਵਾਧੇ ਨੂੰ 1 ਡਿਗਰੀ ਸੈਲਸੀਅਸ ’ਤੇ ਰੋਕ ਲਿਆ ਜਾਵੇ ਤਾਂ ਵੀ ਇਹ ਅੰਕੜਾ 240 ਕਰੋੜ ਹੋਵੇਗਾ। ਵਰਣਨਯੋਗ ਹੈ ਕਿ ਇਹ ਦੋਵੇਂ ਬੀਮਾਰੀਆਂ ਮੱਛਰ ਦੇ ਕੱਟਣ ਨਾਲ ਫੈਲਦੀਆਂ ਹਨ। ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਜਿਸ ਤਰ੍ਹਾਂ ਜਲਵਾਯੂ ਵਿਚ ਤਬਦੀਲੀ ਆ ਰਹੀ ਹੈ, ਉਸ ਕਾਰਨ ਮੱਛਰ ਉਨ੍ਹਾਂ ਥਾਵਾਂ ’ਤੇ ਵੀ ਪੈਦਾ ਹੋਣ ਲੱਗੇ ਹਨ ਜਿੱਥੇ ਉਹ ਪਹਿਲਾਂ ਨਹੀਂ ਦੇਖੇ ਜਾਂਦੇ ਸਨ। ਜੇ ਵਿਸ਼ਵ ਸਿਹਤ ਸੰਗਠਨ ਨਾਲ ਸਬੰਧਤ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਪਹਿਲਾਂ ਹੀ ਦੁਨੀਆ ਦੀ ਅੱਧੀ ਆਬਾਦੀ ’ਤੇ ਡੇਂਗੂ ਤੇ ਮਲੇਰੀਆ ਦਾ ਖ਼ਤਰਾ ਮੰਡਰਾ ਰਿਹਾ ਹੈ। ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰਾਪੀਕਲ ਮੈਡੀਸਨ (ਐੱਲ. ਐੱਸ. ਐੱਚ. ਟੀ. ਐੱਮ.) ਦੀ ਅਗਵਾਈ ’ਚ ਕੀਤੀ ਗਈ ਇਹ ਖੋਜ ਕੌਮਾਂਤਰੀ ਜਰਨਲ ‘ਲੈਂਸੇਟ ਪਲੈਨੇਟਰੀ ਹੈਲਥ’ ਵਿਚ ਛਪੀ ਹੈ।

ਇਹ ਵੀ ਪੜ੍ਹੋ: UAE ਦਾ ਵੱਡਾ ਐਲਾਨ, ਇਨ੍ਹਾਂ ਵਿਦਿਆਰਥੀਆਂ ਨੂੰ ਦੇਵੇਗਾ 10 ਸਾਲ ਦਾ ਵੀਜ਼ਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News