ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਦੌਰਾਨ ਦੋ ਧਿਰਾਂ ''ਚ ਝੜਪ

Wednesday, Sep 18, 2024 - 04:53 PM (IST)

ਭਗਵਾਨ ਗਣੇਸ਼ ਦੀ ਮੂਰਤੀ ਵਿਸਰਜਨ ਦੌਰਾਨ ਦੋ ਧਿਰਾਂ ''ਚ ਝੜਪ

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਭਗਵਾਨ ਗਣੇਸ਼ ਦੀਆਂ ਮੂਰਤੀਆਂ ਦਾ ਵਿਸਰਜਨ ਕਰਨ ਜਾ ਰਹੇ ਦੋ ਧਿਰਾਂ ਵਿਚਾਲੇ ਪਹਿਲੇ ਵਿਸਰਜਨ ਨੂੰ ਲੈ ਕੇ ਝੜਪ ਹੋ ਗਈ, ਜਿਸ ਤੋਂ ਬਾਅਦ ਪੁਲਸ ਨੇ ਦਖ਼ਲ ਦਿੱਤਾ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ। ਸੰਯੁਕਤ ਪੁਲਸ ਕਮਿਸ਼ਨਰ ਗਿਆਨੇਸ਼ਵਰ ਚੌਹਾਨ ਨੇ ਦੱਸਿਆ ਕਿ ਇਹ ਘਟਨਾ ਭਿਵੰਡੀ ਇਲਾਕੇ ਵਿਚ ਦੁਪਹਿਰ ਕਰੀਬ 12.30 ਵਜੇ ਵਾਪਰੀ। ਉਨ੍ਹਾਂ ਕਿਹਾ ਕਿ ਦੋ ਧਿਰਾਂ ਵਿਚਾਲੇ ਝੜਪ ਦੌਰਾਨ ਵੰਜਾਰਪੱਟੀ ਨਾਕੇ 'ਤੇ ਵੱਡੀ ਭੀੜ ਇਕੱਠੀ ਹੋ ਗਈ। ਤਣਾਅ ਨੂੰ ਘੱਟ ਕਰਨ ਅਤੇ ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਘਟਨਾ ਦੀ ਵੀਡੀਓ 'ਚ ਕੁਝ ਲੋਕ ਪਥਰਾਅ ਕਰਦੇ ਹੋਏ ਅਤੇ ਪੁਲਸ ਦਖਲ ਕਰਦੀ ਹੋਈ ਨਜ਼ਰ ਆ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਦੋ ਮੰਡਲ (ਭਾਈਚਾਰੇ ਦੇ ਸਮੂਹ) ਪਹਿਲਾਂ ਭਗਵਾਨ ਗਣੇਸ਼ ਦੀ ਮੂਰਤੀ ਦਾ ਵਿਸਰਜਨ ਕਰਨਾ ਚਾਹੁੰਦੇ ਸਨ, ਜਿਸ ਕਾਰਨ ਲੜਾਈ ਹੋਈ। ਪੁਲਸ ਨੇ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਮਾਮਲਾ ਦਰਜ ਕੀਤਾ। ਉਨ੍ਹਾਂ ਦੱਸਿਆ ਕਿ ਇਸ ਝੜਪ 'ਚ ਕੁਝ ਪੁਲਸ ਮੁਲਾਜ਼ਮ ਅਤੇ ਵਿਸਰਜਨ 'ਚ ਹਿੱਸਾ ਲੈਣ ਆਏ ਲੋਕ ਵੀ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ਾਂਤੀ ਬਣਾਈ ਰੱਖਣ ਲਈ ਸਟੇਟ ਰਿਜ਼ਰਵ ਪੁਲਸ ਦੇ ਜਵਾਨਾਂ ਸਮੇਤ ਵਾਧੂ ਪੁਲਸ ਯੂਨਿਟਾਂ ਨੂੰ ਤਾਇਨਾਤ ਕੀਤਾ ਗਿਆ ਹੈ।


author

Tanu

Content Editor

Related News