ਡਾਕਟਰ ਦੀ ਮੌਤ ਤੋਂ ਬਾਅਦ ਕਲੇਮ ਖਾਰਿਜ ਕਰਨਾ ਪਿਆ ਭਾਰੀ, HDFC ਲਾਈਫ ਇੰਸ਼ੋਰੈਂਸ ਨੂੰ 50 ਲੱਖ ਰੁਪਏ ਦੇਣ ਦੇ ਹੁਕਮ
Sunday, Jul 19, 2026 - 02:53 AM (IST)
ਨਵੀਂ ਦਿੱਲੀ/ਕੁਰਨੂਲ - ਜੀਵਨ ਬੀਮਾ ਦਾਅਵਿਆਂ ਨਾਲ ਜੁੜੇ ਮਾਮਲਿਆਂ ’ਚ ਖਪਤਕਾਰਾਂ ਦੇ ਹਿਤ ’ਚ ਇਕ ਅਹਿਮ ਫੈਸਲਾ ਸੁਣਾਉਂਦੇ ਹੋਏ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਨੇ ਐੱਚ. ਡੀ. ਐੱਫ. ਸੀ. ਲਾਈਫ ਇੰਸ਼ੋਰੈਂਸ ਕੰਪਨੀ ਨੂੰ ਇਕ ਡਾਕਟਰ ਦੀ ਵਿਧਵਾ ਨੂੰ 50 ਲੱਖ ਰੁਪਏ ਦੀ ਬੀਮਾ ਰਾਸ਼ੀ ਦੇਣ ਦਾ ਹੁਕਮ ਦਿੱਤਾ ਹੈ।
ਕਮਿਸ਼ਨ ਨੇ ਕੰਪਨੀ ਨੂੰ 50 ਹਜ਼ਾਰ ਰੁਪਏ ਮਾਨਸਿਕ ਪ੍ਰੇਸ਼ਾਨੀ ਦੇ ਮੁਆਵਜ਼ੇ ਅਤੇ 10 ਹਜ਼ਾਰ ਰੁਪਏ ਮੁਕੱਦਮੇ ਦੇ ਖਰਚੇ ਵਜੋਂ ਵੀ ਵੱਖਰੇ ਤੌਰ ’ਤੇ ਅਦਾ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਸਪੱਸ਼ਟ ਕਿਹਾ ਕਿ ਬੀਮਾ ਕੰਪਨੀ ਇਹ ਸਾਬਤ ਨਹੀਂ ਕਰ ਸਕੀ ਕਿ ਬੀਮਾਧਾਰਕ ਨੇ ਜਾਣਬੁੱਝ ਕੇ ਕਿਸੇ ਅਹਿਮ ਤੱਥ ਨੂੰ ਧੋਖਾਦੇਹੀ ਦੇ ਮਕਸਦ ਨਾਲ ਲੁਕਾਇਆ ਸੀ।
ਵਿਧਵਾ ਦਾ ਦਾਅਵਾ ਕੰਪਨੀ ਨੇ ਕੀਤਾ ਸੀ ਖਾਰਿਜ
ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਨਾਮਜ਼ਦ ਲਾਭਪਾਤਰੀ ਬੋਂਥਲਾ ਸਿੰਧੂਜਾ ਨੇ ਬੀਮਾ ਰਾਸ਼ੀ ਦਾ ਦਾਅਵਾ ਕੀਤਾ ਪਰ ਐੱਚ. ਡੀ. ਐੱਫ. ਸੀ. ਲਾਈਫ ਇੰਸ਼ੋਰੈਂਸ ਨੇ 22 ਮਈ 2024 ਨੂੰ ਦਾਅਵਾ ਖਾਰਿਜ ਕਰ ਦਿੱਤਾ। ਕੰਪਨੀ ਦਾ ਕਹਿਣਾ ਸੀ ਕਿ ਡਾ. ਸ਼੍ਰਵਣ ਕੁਮਾਰ ਨੇ ਪਾਲਿਸੀ ਲੈਂਦੇ ਸਮੇਂ ਪਹਿਲਾਂ ਤੋਂ ਮੌਜੂਦ 2 ਹੋਰ ਜੀਵਨ ਬੀਮਾ ਪਾਲਿਸੀਆਂ ਦੀ ਜਾਣਕਾਰੀ ਨਹੀਂ ਦਿੱਤੀ ਸੀ। ਕੰਪਨੀ ਅਨੁਸਾਰ ਡਾਕਟਰ ਕੋਲ ਪਹਿਲਾਂ ਤੋਂ ਕੋਟਕ ਲਾਈਫ ਅਤੇ ਭਾਰਤੀ ਏ. ਐਕਸ. ਏ. ਦੀਆਂ ਲੱਗਭਗ ਇਕ-ਇਕ ਕਰੋੜ ਰੁਪਏ ਦੀਆਂ ਜੀਵਨ ਬੀਮਾ ਪਾਲਿਸੀਆਂ ਸਨ। ਜੇਕਰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਤਾਂ ਸੰਭਵ ਹੈ ਕਿ ਕੰਪਨੀ ਇਹ ਪਾਲਿਸੀ ਜਾਰੀ ਹੀ ਨਾ ਕਰਦੀ।
ਅੰਦਰੂਨੀ ਸਮੀਖਿਆ ’ਚ ਵੀ ਨਹੀਂ ਮਿਲੀ ਰਾਹਤ
ਸਿੰਧੂਜਾ ਨੇ ਕੰਪਨੀ ਦੀ ਅੰਦਰੂਨੀ ਸਮੀਖਿਆ ਕਮੇਟੀ ਦੇ ਸਾਹਮਣੇ ਵੀ ਅਪੀਲ ਕੀਤੀ, ਸਗੋਂ ਜੂਨ 2024 ’ਚ ਕਮੇਟੀ ਨੇ ਵੀ ਦਾਅਵਾ ਖਾਰਿਜ ਕਰਨ ਦਾ ਫੈਸਲਾ ਬਰਕਰਾਰ ਰੱਖਿਆ। ਇਸ ਤੋਂ ਬਾਅਦ ਜਨਵਰੀ 2025 ’ਚ ਉਨ੍ਹਾਂ ਨੇ ਕੁਰਨੂਲ ਜ਼ਿਲਾ ਖਪਤਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ।
ਵਿਧਵਾ ਨੇ ਕਮਿਸ਼ਨ ’ਚ ਕੀ ਦਲੀਲ ਦਿੱਤੀ?
ਸਿੰਧੂਜਾ ਨੇ ਕਮਿਸ਼ਨ ਦੇ ਸਾਹਮਣੇ ਕਿਹਾ ਕਿ ਉਨ੍ਹਾਂ ਦੇ ਪਤੀ ਦੀ ਮੌਤ ਕੁਦਰਤੀ ਤੌਰ ’ਤੇ ਕਾਰਡੀਅਕ ਅਰੈਸਟ ਕਾਰਨ ਹੋਈ ਸੀ। ਹੋਰ ਬੀਮਾ ਪਾਲਿਸੀਆਂ ਦੀ ਜਾਣਕਾਰੀ ਦੇਣ ਜਾਂ ਨਾ ਦੇਣ ਦਾ ਉਨ੍ਹਾਂ ਦੀ ਮੌਤ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਕੰਪਨੀ ਨੇ ਬਿਨਾਂ ਉਚਿਤ ਆਧਾਰ ਦੇ ਮਨਮਰਜ਼ੀ ਨਾਲ ਬੀਮਾ ਦਾਅਵਾ ਖਾਰਿਜ ਕੀਤਾ, ਜੋ ਕਾਨੂੰਨ ਅਤੇ ਨਿਆਂ ਦੋਵਾਂ ਦੇ ਖਿਲਾਫ ਹੈ।
ਕੀ ਹੈ ਪੂਰਾ ਮਾਮਲਾ?
ਮਾਮਲਾ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਮਰਹੂਮ ਡਾ. ਜੀ. ਸ਼੍ਰਵਣ ਕੁਮਾਰ ਨਾਲ ਜੁੜਿਆ ਹੈ। ਉਹ ਇਕ ਮਲਟੀ ਸਪੈਸ਼ਲਿਟੀ ਹਸਪਤਾਲ ’ਚ ਐਨੇਸਥੀਸੀਆ ਮਾਹਰ ਅਤੇ ਆਈ. ਸੀ. ਯੂ. ਡਿਊਟੀ ਡਾਕਟਰ ਵਜੋਂ ਤਾਇਨਾਤ ਸਨ। ਉਨ੍ਹਾਂ ਨੇ 15 ਅਕਤੂਬਰ 2022 ਨੂੰ ਐੱਚ. ਡੀ. ਐੱਫ. ਸੀ. ਲਾਈਫ ਇੰਸ਼ੋਰੈਂਸ ਦੀ ‘ਕਲਿੱਕ 2 ਪ੍ਰੋਟੈਕਟ ਸੁਪਰ’ ਪਾਲਿਸੀ ਖਰੀਦੀ ਸੀ, ਜਿਸ ਦੀ ਬੀਮਾ ਰਾਸ਼ੀ 50 ਲੱਖ ਰੁਪਏ ਸੀ। ਇਸ ਦੇ ਲਈ ਉਹ ਪ੍ਰਤੀ ਸਾਲ 11,478.28 ਰੁਪਏ ਦਾ ਪ੍ਰੀਮੀਅਮ ਜਮ੍ਹਾ ਕਰ ਰਹੇ ਸਨ। ਕਰੀਬ ਡੇਢ ਸਾਲ ਬਾਅਦ 16 ਫਰਵਰੀ 2024 ਨੂੰ ਹਸਪਤਾਲ ’ਚ ਨਾਈਟ ਡਿਊਟੀ ਦੌਰਾਨ ਡਾਕਟਰਾਂ ਦੇ ਰੈਸਟ ਰੂਮ ’ਚ ਉਹ ਬੇਹੋਸ਼ੀ ਦੀ ਹਾਲਤ ’ਚ ਮਿਲੇ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੌਤ ਦਾ ਕਾਰਨ ਕਾਰਡੀਅਕ ਅਰੈਸਟ ਦੱਸਿਆ ਗਿਆ ਸੀ।
