ਸੋਸ਼ਲ ਮੀਡੀਆ ਤੋਂ ਸਿੱਖ ਕੇ ਸ਼ਖ਼ਸ ਨੇ ਵਿਹੜੇ 'ਚ ਹੀ ਉਗਾ ਲਈ ਅਫੀਮ ਦੀ ਖੇਤੀ (ਵੀਡੀਓ)
Saturday, Mar 09, 2024 - 07:21 PM (IST)
ਅੰਬਾਲਾ- ਹਰਿਆਣਾ 'ਚ ਅੰਬਾਲਾ ਦੀ ਨਾਰਾਇਣਗੜ੍ਹ ਥਾਣਾ ਪੁਲਸ ਨੇ ਪਿੰਡ ਲਾਹਾ 'ਚ ਅਫੀਮ ਦੀ ਖੇਤੀ ਫੜੀ ਹੈ। ਪੁਲਸ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਗੁਪਤ ਸੂਚਨਾ 'ਤੇ ਮੁਲਜ਼ਮ ਦੇ ਘਰ ਛਾਪਾ ਮਾਰਿਆ। ਮੁਲਜ਼ਮ ਨੇ ਆਪਣੇ ਘਰ ਦੇ ਵਿਹੜੇ 'ਚ ਹੀ ਅਫੀਮ ਦੇ ਬੂਟੇ ਲਗਾਏ ਸਨ। ਗਿਣਤੀ ਕਰਨ 'ਤੇ 190 ਬੂਟੇ ਮਿਲੇ, ਜਿਨ੍ਹਾਂ ਨੂੰ ਪੁੱਟ ਦਿੱਤਾ ਗਿਆ। ਮੁਲਜ਼ਮ ਨੇ ਯੂਟਿਊਬ ਤੋਂ ਦੇਖ ਕੇ ਅਫੀਮ ਦੇ ਖੇਤੀ ਕਰਨੀ ਸਿੱਖੀ ਸੀ। ਉਥੇ ਹੀ ਮੁਲਜ਼ਮ ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਸੀ.ਆਈ.ਏ. ਸਟਾਫ ਸ਼ਹਿਜ਼ਾਦਪੁਰ ਦੀ ਟੀਮ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਸਿ ਕਿ ਪਿੰਡ ਲਾਹਾ 'ਚ ਸਰਵਜੀਤ ਸਿੰਘ ਨੇ ਆਪਣੇ ਘਰ ਦੇ ਵਿਹੜੇ 'ਚ ਅਫੀਮ ਦੇ ਬੂਟੇ ਲਗਾਏ ਹੋਏ ਹਨ। ਇਸ ਸੂਚਨਾ ਦੇ ਤੁਰੰਤ ਬਾਅਦ ਪੁਲਸ ਨੇ ਸਰਵਜੀਤ ਦੇ ਘਰ ਛਾਪਾ ਮਾਰ ਦਿੱਤਾ। ਸ਼ਾਮ ਨੂੰ ਕਰੀਬ 7 ਵਜੇ ਸੁਚਿਤ ਕਰਕੇ ਸ਼ਹਿਜ਼ਾਦਪੁਰ/ਨਾਰਾਇਣਗੜ੍ਹ ਦੇ ਨਾਇਬ ਤਹਿਸੀਲਦਾਰ ਸੰਜੀਵ ਅਤੇ ਪਿੰਡ ਦੇ ਸਰਪੰਚ ਮੋਹਨ ਸਿੰਘ ਨੂੰ ਵੀ ਮੌਕੇ 'ਤੇ ਬੁਲਾਇਆ।
ਪੁਲਸ ਨੇ ਮੁਲਜ਼ਮ ਸਰਵਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਇਨ੍ਹਾਂ ਬੂਟਿਆਂ ਦਾ ਵਜ਼ਨ ਕੀਤਾ ਗਿਆ ਤਾਂ ਇਹ 4 ਕਿਲੋ 150 ਗ੍ਰਾਮ ਦੇ ਸਨ। ਮੁਲਜ਼ਮ ਸਰਵਜੀਤ ਖ਼ਿਲਾਫ਼ ਥਾਣਾ ਨਰਾਇਣਗੜ੍ਹ ਵਿੱਚ ਧਾਰਾ 18-61-85 ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।