ਖੜਗੇ ਦਾ PM ਮੋਦੀ ''ਤੇ ਤੰਜ਼- ਚੀਨ ਨੂੰ ਕਲੀਨ ਚਿੱਟ ਦਿੱਤੇ ਜਾਣ ਦੀ ਭਾਰੀ ਕੀਮਤ ਚੁੱਕਾ ਰਿਹੈ ਦੇਸ਼

06/09/2023 3:23:23 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਉਤਰਾਖੰਡ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਨੇੜੇ ਚੀਨ ਵਲੋਂ ਨਿਰਮਾਣ ਕੰਮ ਕੀਤੇ ਜਾਣ ਸੰਬੰਧੀ ਖ਼ਬਰ ਨੂੰ ਲੈ ਕੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਚੀਨ ਦਾ ਮੁਕਾਬਲਾ ਇਕਜੁਟ ਹੋ ਕੇ ਰਣਨੀਤਕ ਤੌਰ 'ਤੇ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਉਤਰਾਖੰਡ 'ਚ ਐੱਲ.ਏ.ਸੀ. ਨਾਲ ਲੱਗੇ ਇਲਾਕਿਆਂ 'ਚ ਚੀਨ ਵਲੋਂ ਨਿਰਮਾਣ ਕੰਮ ਕੀਤੇ ਜਾਣ ਦੀਆਂ ਸੈਟੇਲਾਈਟ ਤੋਂ ਲਈਆਂ ਗਈਆਂ ਕੁਝ ਤਸਵੀਰਾਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ ਅਤੇ ਦੋਸ਼ ਲਗਾਇਆ ਕਿ 'ਪ੍ਰਧਾਨ ਮੰਤਰੀ ਮੋਦੀ ਵਲੋਂ ਚੀਨ ਨੂੰ ਕਲੀਨ ਚਿੱਟ ਦਿੱਤੇ ਜਾਣ ਕਾਰਨ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ।'' ਉਨ੍ਹਾਂ ਨੇ ਟਵੀਟ ਕੀਤਾ,''ਹੁਣ ਉਤਰਾਖੰਡ 'ਚ ਅਸਲ ਕੰਟਰੋਲ ਰੇਖਾ 'ਤੇ ਚੀਨ ਦੇ ਨਿਰਮਾਣ ਕੰਮ ਕਰਨ ਨਾਲ ਸਾਡੀ ਖੇਤਰੀ ਅਖੰਡਤਾ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਵਲੋਂ ਚੀਨ ਨੂੰ ਕਲੀਨ ਚਿੱਟ ਦਿੱਤੇ ਜਾਣ ਦੀ ਦੇਸ਼ ਭਾਰੀ ਕੀਮਤ ਚੁੱਕਾ ਰਿਹਾ ਹੈ। ਚੀਨ ਦਾ ਮੁਕਾਬਲਾ ਮਿਲ ਕੇ ਰਣਨੀਤਕ ਰੂਪ ਨਾਲ ਕਰਨਾ ਚਾਹੀਦਾ ਨਾ ਕਿ ਸ਼ੇਖੀ ਦਿਖਾ ਕੇ।''

PunjabKesari

ਦੱਸਣਯੋਗ ਹੈ ਕਿ ਭਾਰਤ ਨੇ ਪੂਰਬੀ ਲੱਦਾਖ 'ਚ ਸਰਹੱਦ 'ਤੇ ਸਥਿਤੀ ਆਮ ਨਹੀਂ ਹੋਣ ਤੱਕ ਨਾਲ ਸੰਬੰਧਾਂ ਦੇ ਆਮ ਹੋਣ ਦੀ ਗੱਲ ਨੂੰ ਗਲਤ ਕਰਾਰ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਸਰਹੱਦੀ ਖੇਤਰਾਂ 'ਚ ਅਮਨ ਅਤੇ ਸ਼ਾਂਤੀ ਹੋਣ 'ਤੇ ਹੀ ਬੀਜਿੰਗ ਨਾਲ ਸੰਬੰਧਾਂ 'ਚ ਤਰੱਕੀ ਹੋ ਸਕਦੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੋਹਾਂ ਦੇਸ਼ਾਂ ਦਰਮਿਆਨ ਸੰਬੰਧਾਂ 'ਚ ਫ਼ੌਜੀਆਂ ਦੀ 'ਮੋਹਰੀ ਮੋਰਚੇ' 'ਤੇ ਤਾਇਨਾਤੀ ਨੂੰ ਮੁੱਖ ਸਮੱਸਿਆ ਕਰਾਰ ਦਿੱਤਾ। ਕੇਂਦਰ 'ਚ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ ਦੇ 9 ਸਾਲ ਪੂਰੇ ਹੋਣ ਮੌਕੇ ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ ਸੀ,''ਭਾਰਤ ਵੀ ਚੀਨ ਨਾਲ ਸੰਬੰਧਾਂ ਨੂੰ ਬਿਹਤਰ ਬਣਾਉਣਾ ਚਾਹੁੰਦਾ ਹੈ ਪਰ ਇਹ ਸਿਰਫ਼ ਉਦੋਂ ਸੰਭਵ ਹੈ, ਜਦੋਂ ਸਰਹੱਦੀ ਖੇਤਰਾਂ 'ਚ ਅਮਨ ਅਤੇ ਸ਼ਾਂਤੀ ਹੋਵੇ।''


DIsha

Content Editor

Related News