ਚੀਨ ਦੀ ਨਵੀਂ ਚਾਲ, ਉਤਪਾਦਾਂ 'ਤੇ ਮੇਡ ਇਨ ਚਾਈਨਾ ਲਿੱਖਣ ਦੀ ਬਜਾਏ ਮੇਡ ਇਨ PRC ਲਿੱਖਣਾ ਕੀਤਾ ਸ਼ੁਰੂ
Thursday, Jun 18, 2020 - 08:01 PM (IST)
ਨਵੀਂ ਦਿੱਲੀ - ਦੇਸ਼ ਵਿਚ ਚੱਲ ਰਹੀ ਚੀਨ ਦੇ ਬਾਈਕਾਟ ਦੀ ਮੁਹਿੰਮ ਵਿਚਾਲੇ ਹੁਣ ਚੀਨ ਨੇ ਆਪਣੇ ਉਤਪਾਦਾਂ 'ਤੇ ਮੇਡ ਇਨ ਚਾਈਨਾ ਲਿੱਖਣ ਦੀ ਬਜਾਏ ਮੇਡ ਇਨ ਪੀ. ਆਰ. ਸੀ. ਲਿੱਖਣਾ ਸ਼ੁਰੂ ਕਰ ਦਿੱਤਾ ਹੈ। ਚੀਨ ਦੇ ਬਾਈਕਾਟ ਵਿਚਾਲੇ ਹਰ ਕੋਈ ਸਮਾਨ ਖਰੀਦਣ ਤੋਂ ਪਹਿਲਾਂ ਹੁਣ ਦੇਖ ਰਿਹਾ ਹੈ ਕਿ ਖਰੀਦੇ ਗਏ ਸਮਾਨ 'ਤੇ ਮੇਡ ਇਨ ਇੰਡੀਆ ਲਿੱਖਿਆ ਹੈ ਜਾਂ ਮੇਡ ਇਨ ਚਾਈਨਾ। ਇਸ ਮੁਹਿੰਮ ਤੋਂ ਬਚਣ ਲਈ ਚੀਨ ਨੇ ਆਪਣੇ ਸਮਾਨ ਨੂੰ ਬਾਈਕਟ ਤੋਂ ਬਚਾਉਣ ਲਈ ਨਵੀਂ ਤਰਕੀਬ ਕੱਢੀ ਹੈ।
ਡੋਕਲਾਮ ਤੋਂ ਬਾਅਦ ਚੀਨ ਨੇ ਸ਼ੁਰੂ ਕੀਤੀ ਹੇਰਾਫੇਰੀ
ਸਾਲ 2017 ਵਿਚ ਜਦ ਡੋਕਲਾਮ ਵਿਵਾਦ ਹੋਇਆ ਸੀ ਉਦੋਂ ਵੀ ਭਾਰਤ ਵਿਚ ਚੀਨ ਦੇ ਉਤਪਾਦਾਂ ਦੇ ਬਾਈਕਾਟ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਦੀਵਾਲੀ 'ਤੇ ਕੁਝ ਸੰਗਠਨਾਂ ਨੇ ਚੀਨੀ ਲੜੀਆਂ ਅਤੇ ਮੂਰਤੀਆਂ ਨੂੰ ਨਾ ਖਰੀਦਣ ਦੀ ਅਪੀਲ ਕੀਤੀ ਸੀ ਅਤੇ ਇਸ ਦਾ ਕਾਫੀ ਅਸਰ ਦੇਖਣ ਨੂੰ ਵੀ ਮਿਲਿਆ ਸੀ। ਭਾਰਤ ਵਿਚ ਦੀਵਾਲੀ 'ਤੇ ਮਿਲੇ ਘਾਟੇ ਤੋਂ ਬਾਅਦ ਚੀਨ ਨੇ ਨਵੀਂ ਚਾਲ ਚੱਲੀ ਅਤੇ ਲੋਕਾਂ ਨੂੰ ਪਤਾ ਨਾ ਲੱਗੇ ਉਸ ਨੇ ਮੇਡ ਇਨ ਚਾਈਨਾ ਲਿੱਖਣਾ ਹੀ ਬੰਦ ਕਰ ਦਿੱਤਾ। ਹੁਣ ਉਹ ਆਪਣੇ ਉਤਪਾਦਾਂ 'ਤੇ ਮੇਡ ਇਨ ਪੀ. ਆਰ. ਸੀ. (ਪੀਪਲਜ਼ ਰਿਪਬਲਿਕ ਆਫ ਚਾਈਨਾ) ਲਿੱਖਦਾ ਹੈ।
ਸ਼ਾਇਦ ਚੀਨ ਦੇ ਦਿਮਾਗ ਵਿਚ ਹੋਵੇਗਾ ਕਿ ਭਾਰਤੀ ਪੀ. ਆਰ. ਸੀ. ਦੇਖ ਕੇ ਸਮਾਨ ਖਰੀਦ ਲੈਣਗੇ ਕਿਉਂਕਿ ਕਿਸੇ ਨੂੰ ਪਤਾ ਨਹੀਂ ਲੱਗੇਗਾ ਕਿ ਇਹ ਮੇਡ ਇਨ ਚਾਈਨਾ ਹੈ ਜਾਂ ਕੁਝ ਹੋਰ। ਇੰਨਾ ਹੀ ਨਹੀਂ ਚੀਨ ਨੇ ਪੀ. ਆਰ. ਸੀ. ਲਿੱਖਣ ਦੇ ਨਾਲ ਹੀ ਆਪਣੇ ਸਮਾਨ ਨੂੰ ਭਾਰਤੀ ਦਿੱਖ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ। ਚੀਨ ਹੁਣ ਉਤਪਾਦਾਂ ਦੇ ਨਾਂ ਅਜਿਹੇ ਰੱਖਦਾ ਹੈ ਜਿਵੇਂ ਇਹ ਭਾਰਤ ਵਿਚ ਹੀ ਬਣੇ ਹਨ। ਚੀਨ ਨੇ ਹੁਣ ਭਾਰਤ ਵਿਚ ਆਪਣੇ ਸਮਾਨ 'ਤੇ ਚੀਨੀ ਭਾਸ਼ਾ ਦਾ ਇਸਤੇਮਾਲ ਕਰਨਾ ਵੀ ਬੰਦ ਕਰ ਦਿੱਤਾ ਹੈ। ਉਹ ਆਪਣੇ ਉਤਪਾਦਾਂ 'ਤੇ ਅੰਗ੍ਰੇਜ਼ੀ ਤੋਂ ਇਲਾਵਾ ਹੁਣ ਹਿੰਦੀ ਭਾਸ਼ਾ ਦਾ ਵੀ ਇਸਤੇਮਾਲ ਕਰਦਾ ਹੈ ਤਾਂ ਜੋ ਭਾਰਤੀ ਆਸਾਨੀ ਨਾਲ ਇਸ ਨੂੰ ਖਰੀਦ ਲੈਣ। ਚੀਨ ਆਪਣੀ ਚਾਲ ਵਿਚ ਕਾਮਯਾਬ ਵੀ ਹੋ ਰਿਹਾ ਹੈ ਕਿਉਂਕਿ ਭਾਰਤੀ ਤਾਂ ਮੇਡ ਇਨ ਚਾਈਨਾ ਹੀ ਲੱਭਦੇ ਰਹਿ ਜਾਂਦੇ ਹਨ।