ਚੀਨ ਨੂੰ ਭਾਰਤ ਦਾ ਕਰਾਰਾ ਜਵਾਬ, ਅਸੀਂ ਨਹੀਂ ਮੰਨਦੇ LAC ''ਤੇ 1959 ਦੀ ਪਰਿਭਾਸ਼ਾ

09/30/2020 3:04:14 PM

ਨੈਸ਼ਨਲ ਡੈਸਕ- ਚੀਨ ਨੇ ਇਕ ਵਾਰ ਫਿਰ ਤੋਂ ਵਾਅਦਾ ਖਿਲਾਫ਼ੀ ਕਰਦੇ ਹੋਏ ਆਪਣੀ ਕਹੀ ਗੱਲ ਤੋਂ ਮੁਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਜਵਾਬ 'ਚ ਭਾਰਤ ਨੇ ਵੀ ਪਲਟਵਾਰ ਕੀਤਾ। ਭਾਰਤ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ 1959 'ਚ 'ਇਕ ਪਾਸੜ ਰੂਪ ਨਾਲ' ਪਰਿਭਾਸ਼ਿਤ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਨੂੰ ਕਦੇ ਸਵੀਕਾਰ ਨਹੀਂ ਕੀਤਾ ਹੈ ਅਤੇ ਚੀਨੀ ਪੱਖ ਸਮੇਤ ਸਾਰੇ ਇਸ ਬਾਰੇ ਜਾਣਦੇ ਹਨ। ਵਿਦੇਸ਼ ਮੰਤਰਾਲੇ ਨੇ ਉਮੀਦ ਜਤਾਈ ਕਿ ਗੁਆਂਢੀ ਦੇਸ਼ ਸਰਹੱਦ ਦੀ ਇਕ ਪਾਸੜ ਵਿਆਖਿਆ ਕਰਨ ਤੋਂ ਬਚੇਗਾ। ਚੀਨ ਦੇ ਇਸ ਦ੍ਰਿਸ਼ਟੀਕੋਣ ਨੂੰ ਨਵੀਂ ਦਿੱਲੀ ਨੇ ਖਾਰਜ ਕੀਤਾ ਕਿ ਬੀਜਿੰਗ ਐੱਲ.ਏ.ਸੀ. ਦੀ ਮਾਨਤਾ 'ਤੇ 1959 ਦੇ ਆਪਣੇ ਰੁਖ ਨੂੰ ਮੰਨਦਾ ਹੈ। ਪੂਰਬੀ ਲੱਦਾਖ 'ਚ ਲਗਭਗ 5 ਮਹੀਨਿਆਂ ਤੋਂ ਚੱਲ ਰਹੇ ਤਣਾਅ ਦਰਮਿਆਨ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬੀਜਿੰਗ ਐੱਲ.ਏ.ਸੀ. ਦੀ ਮਾਨਤਾ ਬਾਰੇ 1959 ਦੇ ਆਪਣੇ ਰੁਖ ਨੂੰ ਮੰਨਦਾ ਹੈ।

ਚੀਨ ਦੇ ਬਿਆਨ 'ਤੇ ਭਾਰਤ ਨੇ ਸਖਤ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਮੁੱਦੇ 'ਤੇ ਮੀਡੀਆ ਦੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਭਾਰਤ ਨੇ ਕਦੇ ਵੀ 1959 'ਚ ਇਕ ਪਾਸੜ ਰੂਪ ਨਾਲ ਪਰਿਭਾਸ਼ਿਤ ਅਸਲ ਕੰਟਰੋਲ ਰੇਖਾ ਨੂੰ ਸਵੀਕਾਰ ਨਹੀਂ ਕੀਤਾ ਹੈ। ਇਹੀ ਸਥਿਤੀ ਬਰਕਰਾਰ ਰਹੀ ਹੈ ਅਤੇ ਚੀਨੀ ਪੱਖ ਸਮੇਤ ਸਾਰੇ ਇਸ ਬਾਰੇ ਜਾਣਦੇ ਹਨ। ਸ਼੍ਰੀਵਾਸਤਵ ਦੀ ਇਹ ਟਿੱਪਣੀ ਉਦੋਂ ਆਈ, ਜਦੋਂ ਚੀਨੀ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਇਕ ਨਿਊਜ਼ ਚੈਨਲ ਨੂੰ ਕਿਹਾ ਕਿ ਚੀਨ 7 ਨਵੰਬਰ 1959 ਨੂੰ ਆਪਣੇ ਸਾਬਕਾ ਪ੍ਰਧਾਨ ਮੰਤਰੀ ਚਾਊ ਐਨਲਾਈ ਵਲੋਂ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਭੇਜੀ ਗਈ ਇਕ ਚਿੱਠੀ 'ਚ ਪ੍ਰਸਤਾਵਿਤ ਕੀਤੀ ਗਈ ਐੱਲ.ਏ.ਸੀ. ਨੂੰ ਮੰਨਦਾ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੱਖ-ਵੱਖ ਦੋ-ਪੱਖੀ ਸਮਝੌਤਿਆਂ ਦਾ ਹਵਾਲਾ ਦਿੱਤਾ, ਜਿਨ੍ਹਾਂ 'ਚੋਂ 1993 'ਚ ਐੱਲ.ਏ.ਸੀ. 'ਤੇ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖਣ ਸੰਬੰਧੀ ਸਮਝੌਤਾ, 1996 'ਚ ਵਿਸ਼ਵਾਸ ਬਹਾਲੀ ਦੇ ਕਦਮਾਂ ਨਾਲ ਸੰਬੰਧਤ ਸਮਝੌਤਾ ਅਤੇ 2005 'ਚ ਸਰਹੱਦ ਮੁੱਦੇ ਦੇ ਹੱਲ ਲਈ ਸਿਆਸੀ ਮਾਨਕਾਂ ਅਤੇ ਨਿਰਣਾਇਕ ਸਿਧਾਂਤਾਂ ਨਾਲ ਸੰਬੰਧਤ ਸਮਝੌਤਾ ਵੀ ਸ਼ਾਮਲ ਹੈ। ਉਨ੍ਹਾਂ ਨੇ ਇਨ੍ਹਾਂ ਸਮਝੌਤਿਆਂ ਦਾ ਜ਼ਿਕਰ ਇਹ ਦੱਸਣ ਲਈ ਕੀਤਾ ਕਿ ਦੋਹਾਂ ਪੱਖਾਂ ਨੇ ਐੱਲ.ਏ.ਸੀ. ਇਕਸਾਰਤਾ 'ਤੇ ਆਪਸੀ ਸਹਿਮਤੀ 'ਤੇ ਪਹੁੰਚਣ ਦੀ ਵਚਨਬੱਧਤਾ ਜਤਾਈ ਸੀ। ਸ਼੍ਰੀਵਾਸਤਵ ਨੇ ਕਿਹਾ ਕਿ ਇਸ ਲਈ, ਹੁਣ ਚੀਨੀ ਪੱਖ ਦਾ ਇਹ ਕਹਿਣਾ ਕਿ ਸਿਰਫ਼ ਇਕ ਹੀ ਐੱਲ.ਏ.ਸੀ. ਹੈ, ਇਨ੍ਹਾਂ ਸਮਝੌਤਿਆਂ 'ਚ ਚੀਨ ਵਲੋਂ ਕੀਤੀਆਂ ਗਈਆਂ ਸਾਰੀਆਂ ਵਚਨਬੱਧਤਾਵਾਂ ਦੇ ਪੂਰੀ ਤਰ੍ਹਾਂ ਉਲਟ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਪੱਖ ਨੇ ਐੱਲ.ਏ.ਸੀ. ਦਾ ਹਮੇਸ਼ਾ ਸਨਮਾਨ ਅਤੇ ਪਾਲਣ ਕੀਤਾ ਹੈ।


DIsha

Content Editor

Related News