ਚੀਨ ਨਾਲ ਅੜਿੱਕੇ ’ਤੇ ਭਾਰਤ ਦੀ ਦੋ-ਟੁੱਕ, ਪੂਰਬੀ ਲੱਦਾਖ ਤੋਂ ਫ਼ੌਜੀਆਂ ਨੂੰ ਛੇਤੀ ਹਟਾਇਆ ਜਾਵੇ ਪਿੱਛੇ

Friday, May 21, 2021 - 10:27 AM (IST)

ਚੀਨ ਨਾਲ ਅੜਿੱਕੇ ’ਤੇ ਭਾਰਤ ਦੀ ਦੋ-ਟੁੱਕ, ਪੂਰਬੀ ਲੱਦਾਖ ਤੋਂ ਫ਼ੌਜੀਆਂ ਨੂੰ ਛੇਤੀ ਹਟਾਇਆ ਜਾਵੇ ਪਿੱਛੇ

ਨਵੀਂ ਦਿੱਲੀ– ਪੂਰਬੀ ਲੱਦਾਖ ਵਿਚ ਚੀਨ ਦੇ ਨਾਲ ਅੜਿੱਕੇ ’ਤੇ ਭਾਰਤ ਨੇ ਵੀਰਵਾਰ ਨੂੰ ਦੋ-ਟੁੱਕ ਕਿਹਾ ਕਿ ਖੇਤਰ ਵਿਚ ਫੌਜੀਆਂ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਛੇਤੀ ਪੂਰੀ ਹੋਣੀ ਚਾਹੀਦੀ ਹੈ ਅਤੇ ਸਰਹੱਦੀ ਇਲਾਕਿਆਂ ਵਿਚ ਪੂਰਨ ਰੂਪ ਨਾਲ ਸ਼ਾਂਤੀ ਬਹਾਲੀ ਨਾਲ ਹੀ ਦੋ-ਪੱਖੀ ਸੰਬੰਧਾਂ ਵਿਚ ਤਰੱਕੀ ਯਕੀਨੀ ਬਣਾਈ ਜਾ ਸਕਦੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਡਿਜੀਟਲ ਰਾਹੀਂ ਆਯੋਜਿਤ ਹਫਤਾਵਾਰੀ ਪ੍ਰੈੱਸ ਵਾਰਤਾ ਵਿਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਸਾਲ ਸ਼ੁਰੂ ਕੀਤੀ ਗਈ ਫ਼ੌਜੀਆਂ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਬਾਰੇ 30 ਅਪ੍ਰੈਲ ਨੂੰ ਆਪਣੇ ਚੀਨ ਹਮਅਹੁਦਾ ਦੇ ਨਾਲ ਚਰਚਾ ਕੀਤੀ ਸੀ ਅਤੇ ਦੱਸਿਆ ਸਿ ਕਿ ਇਹ ਪ੍ਰਕਿਰਿਆ ਅਜੇ ਪੂਰੀ ਨਹੀਂ ਹੋਈ ਹੈ ਅਤੇ ਇਹ ਜ਼ਰੂਰੀ ਹੈ ਕਿ ਇਸ ਨੂੰ ਛੇਤੀ ਪੂਰਾ ਕੀਤਾ ਜਾਣਾ ਚਾਹੀਦਾ ਹੈ। 

ਬਾਗਚੀ ਨੇ ਕਿਹਾ ਕਿ ਇਸ ਸੰਦਰਭ ਵਿਚ ਇਹ ਸਹਿਮਤੀ ਬਣੀ ਕਿ ਉਹ ਜ਼ਮੀਨ ’ਤੇ ਸਥਿਰਤਾ ਬਣਾਈ ਰੱਖਣਗੇ ਅਤੇ ਕਿਸੇ ਨਵੀਂ ਘਟਨਾ ਤੋਂ ਬਚਣਗੇ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਪੂਰਨ ਰੂਪ ਨਾਲ ਸ਼ਾਂਤੀ ਬਹਾਲੀ ਨਾਲ ਹੀ ਦੋ-ਪੱਖੀ ਸੰਬੰਧਾਂ ਵਿਚ ਤਰੱਕੀ ਯਕੀਨੀ ਬਣਾਈ ਜਾ ਸਕਦੀ ਹੈ। ਉਨ੍ਹਾਂ ਤੋਂ ਪੂਰਬੀ ਲੱਦਾਖ 'ਚ ਚੀਨ ਨਾਲ ਗਤੀਰੋਧ ਨਾਲ ਜੁੜੀ ਤਾਜ਼ਾ ਸਥਿਤੀ ਅਤੇ ਸਰਹੱਦ ਕੋਲ ਚੀਨ ਦੇ ਯੁੱਧ ਅਭਿਆਸ ਦੀਆਂ ਖ਼ਬਰਾਂ ਬਾਰੇ ਪੁੱਛਿਆ ਗਿਆ ਸੀ। ਸਰਹੱਦ ਕੋਲ ਚੀਨ ਦੇ ਅਭਿਆਸ ਦੀਆਂ ਖ਼ਬਰਾਂ ਦੇ ਸੰਬੰਧ 'ਚ ਬਾਗਚੀ ਨੇ ਕਿਹਾ,''ਸਾਡੇ ਫ਼ੌਜ ਮੁਖੀ (ਮਨੋਜ ਮੁਕੁੰਦ ਨਰਵਾਣੇ) ਨੇ ਇਸ ਬਾਰੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ।'' 

ਨਰਵਾਣੇ ਨੇ ਹਾਲ 'ਚ ਮੀਡੀਆ ਨਾਲ ਗੱਲ਼ਬਾਤ 'ਚ ਕਿਹਾ ਸੀ ਕਿ ਅਜਿਹੇ ਕਿਸੇ ਵੀ ਖੇਤਰ 'ਚ ਕੋਈ ਹੱਲਚੱਲ ਨਹੀਂ ਹੋਈ ਹੈ, ਜਿੱਥੋਂ ਅਸੀਂ ਪਿੱਛੇ ਹਟੇ ਹਾਂ। ਪੈਂਗੋਂਗ ਝੀਲ ਸਮਝੌਤੇ ਦਾ ਦੋਹਾਂ ਪੱਖਾਂ ਨੇ ਪੂਰਾ ਸਨਮਾਨ ਰੱਖਿਆ ਹੈ। ਦੱਸਣਯੋਗ ਹੈ ਕਿ ਭਾਰਤ ਅਤੇ ਚੀਨ ਦੀਆਂ ਸੈਨਾਵਾਂ ਵਿਚਾਲੇ ਪੈਂਗੋਂਗ ਸੋ ਇਲਾਕੇ 'ਚ ਪਿਛਲੇ ਸਾਲ 5 ਮਈ ਨੂੰ ਹਿੰਸਕ ਸੰਘਰਸ਼ ਤੋਂ ਬਾਅਦ ਸਰਹੱਦੀ ਗਤੀਰੋਧ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ ਦੋਹਾਂ ਪੱਖਾਂ ਨੇ ਹਜ਼ਾਰਾਂ ਫ਼ੌਜੀਆਂ ਅਤੇ ਭਾਰੀ ਹਥਿਆਰਾਂ ਦੀ ਤਾਇਨਾਤੀ ਕੀਤੀ ਸੀ। ਫ਼ੌਜ ਅਤੇ ਡਿਪਲੋਮੈਟ ਪੱਧਰ ਦੀ ਗੱਲਬਾਤ ਤੋਂ ਬਾਅਦ ਦੋਹਾਂ ਪੱਖਾਂ ਨੇ ਇਸ ਸਾਲ ਫਰਵਰੀ 'ਚ ਪੈਂਗੋਂਗ ਸੋ ਦੇ ਉੱਤਰੀ ਅਤੇ ਦੱਖਣੀ ਕਿਨਾਰੇ ਤੋਂ ਫ਼ੌਜੀਆਂ ਅਤੇ ਹਥਿਆਰਾਂ ਨੂੰ ਪਿੱਛੇ ਹਟਾ ਲਿਆ ਸੀ।


author

DIsha

Content Editor

Related News