ਜ਼ਮੀਨ ਅੰਦਰੋਂ ਆ ਰਹੀ ਸੀ ਰੌਣ ਦੀ ਆਵਾਜ਼, ਮਿੱਟੀ ਹਟਾਈ ਤਾਂ ਜਿਊਂਦੀ ਨਿਕਲੀ ਬੱਚੀ
Sunday, Jan 20, 2019 - 10:02 AM (IST)
ਸ਼ਾਹਜਹਾਂਪੁਰ— ਕਹਿੰਦੇ ਹਨ ਜਿਸ ਨੂੰ ਰੱਬ ਰੱਖਦਾ ਹੈ, ਉਸ ਨੂੰ ਕੋਈ ਨਹੀਂ ਮਾਰ ਸਕਦਾ ਹੈ। ਅਜਿਹਾ ਹੀ ਮਾਮਲਾ ਯੂ.ਪੀ. ਦੇ ਸ਼ਾਹਜਹਾਂਪੁਰ 'ਚ ਸਾਹਮਣੇ ਆਇਆ, ਜਿੱਥੇ 20 ਦਿਨਾਂ ਦੀ ਨਵਜਾਤ ਬੱਚੀ ਨੂੰ ਜ਼ਿੰਦਾ ਹੀ ਟੋਏ 'ਚ ਦਫਨ ਕਰ ਦਿੱਤਾ ਗਿਆ ਸੀ। ਨਵਜਾਤ ਦੇ ਰੌਣ ਦੀ ਆਵਾਜ਼ ਸੁਣ ਕੇ ਪਿੰਡ ਵਾਸੀਆਂ ਨੇ ਟੋਇਆ ਖੋਦ ਕੇ ਉਸ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਲੈ ਗਏ। ਫਿਲਹਾਲ ਬੱਚੀ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਉੱਥੇ ਹੀ ਇਕ ਔਰਤ ਨੇ ਕਿਹਾ ਕਿ ਜਦੋਂ ਤੱਕ ਬੱਚੀ ਦੇ ਪਰਿਵਾਰ ਵਾਲਿਆਂ ਦਾ ਪਤਾ ਨਹੀਂ ਲੱਗ ਜਾਂਦਾ, ਉਹ ਉਸ ਦੀ ਦੇਖਭਾਲ ਕਰੇਗੀ।
ਸ਼ਾਹਜਹਾਂਪੁਰ ਦੇ ਜਲਾਲਾਬਾਦ ਖੇਤਰ ਦੇ ਪੁਰੈਨਾ ਪਿੰਡ 'ਚ ਸ਼ੁੱਕਰਵਾਰ ਨੂੰ ਇਕ ਤਾਲਾਬ ਦੇ ਕਿਨਾਰੇ ਤੋਂ ਲੰਘ ਰਹੇ ਧਰਮੇਂਦਰ ਕੁਮਾਰ ਨੂੰ ਕਿਸੇ ਬੱਚੀ ਦੇ ਰੌਣ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਧਿਆਨ ਦਿੱਤਾ ਤਾਂ ਪਤਾ ਲੱਗਾ ਕਿ ਰੌਣ ਦੀ ਆਵਾਜ਼ ਜ਼ਮੀਨ ਦੇ ਅੰਦਰੋਂ ਆ ਰਹੀ ਹੈ। ਧਰਮੇਂਦਰ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਉੱਥੋਂ ਮਿੱਟੀ ਹਟਾ ਕੇ ਦੇਖਿਆ ਤਾਂ ਟੋਏ 'ਚ ਜ਼ਿੰਦਾ ਬੱਚੀ ਪਈ ਸੀ। ਇਸ ਨੂੰ ਦੇਖ ਕੇ ਪਿੰਡ ਵਾਸੀ ਹੈਰਾਨ ਰਹਿ ਗਏ।
ਜਲਦੀ 'ਚ ਪਿੰਡ ਵਾਸੀਆਂ ਨੇ ਬੱਚੀ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਹੁਣ ਪਹਿਲਾਂ ਨਾਲੋਂ ਬਿਹਤਰ ਹੈ। ਧਰਮੇਂਦਰ ਨੇ ਕਿਹਾ,''ਇਹ ਅਣਮਨੁੱਖੀ ਹੈ। ਨਵਜਾਤ ਬੱਚੀ ਨਾਲ ਆਖਰ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ।'' ਦੂਜੇ ਪਾਸੇ ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਔਰਤ ਨੂੰ ਇਸੇ ਜਗ੍ਹਾ 'ਤੇ ਬੱਚੀ ਨਾਲ ਦੇਖਿਆ ਸੀ। ਪਿੰਡ ਵਾਸੀਆਂ ਅਨੁਸਾਰ ਉਸ ਸਮੇਂ ਔਰਤ ਨੇ ਚਿਹਰਾ ਢੱਕ ਰੱਖਿਆ ਸੀ।
