ਆਸਾਮ ’ਚ ਦਿਨ ਰਾਤ ਕੰਮ ’ਚ ਜੁਟੇ ਹਨ ਮੁੱਖ ਮੰਤਰੀ ਸਰਮਾ ਤੇ ਉਨ੍ਹਾਂ ਦੇ ਮੰਤਰੀ
Thursday, Jun 03, 2021 - 12:04 PM (IST)
ਨਵੀਂ ਦਿੱਲੀ– ਹਿਮੰਤ ਬਿਸਵ ਸਰਮਾ ਆਸਾਮ ’ਚ ਸਰਵਾਨੰਦ ਸੋਨੋਵਾਲ ਨੂੰ ਹਟਾ ਕੇ ਕਿਸ ਤਰ੍ਹਾਂ ਮੁੱਖ ਮੰਤਰੀ ਬਣੇ, ਉਸ ਦੇ ਪਿੱਛੇ ਇਕ ਭੇਦ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ 2015 ’ਚ ਰਾਹੁਲ ਗਾਂਧੀ ਦਾ ਮਜ਼ਾਕ ਉਡਾਉਂਦੇ ਹੋਏ ਕਾਂਗਰਸ ਛੱਡਣ ਪਿੱਛੋਂ ਸਰਮਾ ਭਾਜਪਾ ਦੇ ਇਕ ਚੜ੍ਹਦੇ ਸਿਤਾਰੇ ਹਨ। ਉਹ ਜਦੋ ਭਾਜਪਾ ’ਚ ਆਏ, ਉਦੋਂ ਅਮਿਤ ਸ਼ਾਹ ਪਾਰਟੀ ਦੇ ਪ੍ਰਧਾਨ ਸਨ। ਉਨ੍ਹਾਂ ਸਰਮਾ ਨੂੰ ਆਪਣਾ ਚੇਲਾ ਬਣਾ ਲਿਆ। ਸ਼ਾਹ ਨੇ ਉੱਤਰ-ਪੂਰਬ ਵਿਚ ਸਰਮਾ ਦੀ ਅਗਵਾਈ ਹੇਠ ਭਾਜਪਾ ਦਾ ਖਾਤਾ ਖੋਲ੍ਹਣ ਦੀ ਪੂਰੀ ਤਿਆਰੀ ਕਰ ਲਈ ਪਰ 2011 ’ਚ ਆਸਾਮ ਗਣ ਪ੍ਰੀਸ਼ਦ ਤੋਂ ਭਾਜਪਾ ’ਚ ਆ ਚੁੱਕੇ ਸਰਵਾਨੰਦ ਸੋਨੋਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਨਿਤਿਨ ਗਡਕਰੀ ਨਿਖਾਰ ਕੇ ਤਿਆਰ ਕਰ ਰਹੇ ਸਨ।
ਸੋਨੋਵਾਲ ਨੂੰ 2014 ’ਚ ਕੇਂਦਰੀ ਮੰਤਰੀ ਬਣਾਇਆ ਗਿਆ ਸੀ। ਸਰਮਾ ਨੂੰ ਉੱਤਰ-ਪੂਰਬ ’ਚ ਰਾਸ਼ਟਰੀ ਜਮਹੂਰੀ ਗੱਠਜੋੜ (ਰਾਜਗ) ਦਾ ਮੁਖੀ ਬਣਾ ਦਿੱਤਾ ਗਿਆ ਸੀ। 2021 ਦੀਆਂ ਵਿਧਾਨ ਸਭਾ ਚੋਣਾਂ ਲਈ ਸਰਮਾ 126 ਵਿਚੋਂ 93 ਟਿਕਟਾਂ ਆਪਣੇ ਹਮਾਇਤੀਆਂ ਲਈ ਹਾਸਲ ਕਰਨ ’ਚ ਸਫਲ ਰਹੇ। ਮੁੜ ਸੱਤਾ ’ਚ ਆਈ ਭਾਜਪਾ ਦੇ ਚੋਣ ਨਤੀਜੇ ’ਚ ਇਹ ਗੱਲ ਸਾਹਮਣੇ ਆਈ ਕਿ ਭਾਵੇ 2016 ਦੇ ਮੁਕਾਬਲੇ ਉਸ ਨੇ ਕੋਈ ਸੀਟ ਨਹੀਂ ਗੁਆਈ ਪਰ ਉਸ ਨੂੰ ਇਕ ਫੀਸਦੀ ਵੋਟਾਂ ਘੱਟ ਮਿਲੀਆਂ ਹਨ।
ਸਰਮਾ ਦੇ 42 ਵਿਧਾਇਕਾਂ ਨੇ ਦਿੱਲੀ ਵਿਖੇ ਇਹ ਸੰਦੇਸ਼ ਭੇਜ ਦਿੱਤਾ ਕਿ ਉਨ੍ਹਾਂ ਦੇ ਨੇਤਾ ਨਾਲ ਕਿਸੇ ਤਰ੍ਹਾਂ ਦੀ ਕੋਈ ਬੇਇਨਸਾਫੀ ਨਾ ਕੀਤੀ ਜਾਏ। ਇਸ ਦਾ ਸਿੱਟਾ ਉਹੀ ਹੋਇਆ ਜੋ ਹੋਣਾ ਸੀ ਕਿਉਂਕਿ ਪੱਛਮੀ ਬੰਗਾਲ ’ਚ ਅਪਮਾਨਜਨਕ ਹਾਰ ਪਿੱਛੋਂ ਭਾਜਪਾ ਆਸਾਮ ’ਤੇ ਦਾਅ ਨਹੀਂ ਲਾ ਸਕਦੀ ਸੀ। ਸਰਮਾ ਨੂੰ ਮੁੱਖ ਮੰਤਰੀ ਦਾ ਅਹੁਦਾ ਸੌਂਪ ਦਿੱਤਾ ਗਿਆ। ਸਰਮਾ ਪਹਿਲੇ ਅਜਿਹੇ ਮੁੱਖ ਮੰਤਰੀ ਨਹੀਂ ਹਨ ਜੋ ਭਾਜਪਾ ਅਤੇ ਸੰਘ ਦੀ ਅੰਦਰੂਨੀ ਕਲਾ ਤੋਂ ਬਾਹਰ ਆਏ ਹਨ। ਉੇਨ੍ਹਾਂ ਤੋਂ ਪਹਿਲਾਂ ਬਿਰੇਨ ਸਿੰਘ ਨੂੰ ਮਣੀਪੁਰ ਦਾ ਮੁੱਖ ਮੰਤਰੀ ਬਣਾਇਆ ਗਿਆ ਜੋ ਚੁਪਚਾਪ ਵਧੀਆ ਢੰਗ ਨਾਲ ਆਪਣਾ ਕੰਮ ਕਰ ਰਹੇ ਹਨ।
ਉਨ੍ਹਾਂ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪ੍ਰੇਮਾ ਖਾਂਡੁ ਉੱਤਰ-ਪੂਰਬ ’ਚ ਭਾਜਪਾ ਦੇ ਇਕ ਭਰੋਸੇਯੋਗ ਵਿਅਕਤੀ ਹਨ। ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਊ ਰਿਉ ਵੀ ਭਾਜਪਾ ਦੇ ਸੰਕਟ ਮੋਚਨ ਮੰਨੇ ਜਾਂਦੇ ਹਨ ਪਰ ਇਨ੍ਹਾਂ ਸਾਰਿਆਂ ਵਿਚੋਂ ਕੋਈ ਵੀ ਉਸ ਤਰ੍ਹਾਂ ਨਹੀਂ ਉਭਰਿਆ, ਜਿਸ ਤਰ੍ਹਾਂ ਆਸਾਮ ’ਚ ਸਰਮਾ। ਸਰਮਾ ਬਾਰੇ ਇਕ ਗੱਲ ਕਹੀ ਜਾ ਸਕਦੀ ਹੈ ਕਿ ਜਦੋਂ ਤੋਂ ਇਨ੍ਹਾਂ ਨੇ ਅਹੁਦਾ ਸੰਭਾਲਿਆ ਹੈ, ਉਹ ਅਜਿਹੇ ਕੰਮ ਕਰ ਰਹੇ ਹਨ ਜਿਵੇਂ ਕੱਲ ਨੇ ਆਉਣਾ ਹੀ ਨਹੀਂ ਹੈ। ਉਹ ਬਹੁਤ ਜਲਦੀ ਵਿਚ ਸਨ।
ਸਰਮਾ ਨੇ ਇਕ ਵਰਕਿੰਗ ਸੰਸਕ੍ਰਿਤੀ ਬਣਾਈ ਹੈ ਅਤੇ ਉਸ ਦੀ ਵੇਖਾ-ਵੇਖੀ ਉਨ੍ਹਾਂ ਦੇ ਸਾਰੇ ਸਹਿਯੋਗੀ ਵੀ ਆਪਣੇ ਆਪ ਨੂੰ ਉਨ੍ਹਾਂ ਦੇ ਬਰਾਬਰ ਲਿਆ ਰਹੇ ਹਨ। ਆਸਾਮ ਦੇ ਨਵੇਂ ਮੰਤਰੀ ਆਪਣੇ ਤੋਂ ਪਹਿਲਾਂ ਦੇ ਮੰਤਰੀਆਂ ਦੇ ਮੁਕਾਬਲੇ ਸੂਬੇ ਦੇ ਦੌਰੇ ਵਧੇਰੇ ਕਰ ਰਹੇ ਹਨ। ਉਹ ਨਿਯਮਿਤ ਤੌਰ ’ਤੇ ਵੱਖ-ਵੱਖ ਥਾਵਾਂ ’ਤੇ ਸਮੀਖਿਆ ਬੈਠਕਾਂ ਕਰ ਰਹੇ ਹਨ। ਨਿਸ਼ਾਨਿਆਂ ਨੂੰ ਨਿਰਧਾਰਿਤ ਕਰ ਕੇ ਜ਼ਿੰਮੇਵਾਰੀਆਂ ਯਕੀਨੀ ਬਣਾ ਰਹੇ ਹਨ। ਕੁਝ ਮੰਤਰੀ ਤਾਂ ਕੈਮਰੇ ਦੇ ਸਾਹਮਣੇ ਵੀ ਆਪਣਾ ਸਖਤ ਰਵਿਆ ਲੁਕੋ ਨਹੀਂ ਰਹੇ ਹਨ।