ਛੱਤੀਸਗੜ੍ਹ ਦੇ CM ਭੂਪੇਸ਼ ਬਘੇਲ ਨੇ ਦੰਤੇਸ਼ਵਰੀ ਦੇਵੀ ਨੂੰ ਚੜ੍ਹਾਈ 11 ਕਿਲੋਮੀਟਰ ਲੰਬੀ ''ਚੁੰਨੀ''

Tuesday, May 24, 2022 - 06:50 PM (IST)

ਛੱਤੀਸਗੜ੍ਹ ਦੇ CM ਭੂਪੇਸ਼ ਬਘੇਲ ਨੇ ਦੰਤੇਸ਼ਵਰੀ ਦੇਵੀ ਨੂੰ ਚੜ੍ਹਾਈ 11 ਕਿਲੋਮੀਟਰ ਲੰਬੀ ''ਚੁੰਨੀ''

ਦੰਤੇਵਾੜਾ (ਭਾਸ਼ਾ)- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਮੰਗਲਵਾਰ ਨੂੰ ਸੂਬੇ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ ਦੇ ਮਸ਼ਹੂਰ ਦੰਤੇਸ਼ਵਰੀ ਮੰਦਰ 'ਚ ਦੇਵੀ ਨੂੰ 11 ਕਿਲੋਮੀਟਰ ਲੰਬੀ 'ਚੁੰਨੀ' ਚੜ੍ਹਾਈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਦਾਂਤੇਵਾੜਾ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੁੰਨੀ ਡੇਨੇਕਸ ਗਾਰਮੈਂਟ ਫੈਕਟਰੀ ਵਿਚ ਔਰਤਾਂ ਵੱਲੋਂ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਲਾਲ ਰੰਗ ਦੀ ਚੁੰਨੀ ਨੂੰ ਹੁਣ ਤੱਕ ਦੀ ਸਭ ਤੋਂ ਲੰਬੀ ਚੁੰਨੀ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੰਤੇਵਾੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਦੰਤੇਵਾੜਾ ਨੈਕਸਟ ਦੇ ਸੰਖੇਪ ਨਾਮ 'ਡੇਨੇਕਸ' ਤਹਿਤ ਪਿਛਲੇ ਸਾਲ ਜਨਵਰੀ ਵਿਚ ਪਹਿਲੀ ਰੈਡੀਮੇਡ ਕੱਪੜਾ ਨਿਰਮਾਣ ਯੂਨਿਟ ਸ਼ੁਰੂ ਕੀਤੀ ਸੀ, ਜਿਸ ਵਿਚ ਸਥਾਨਕ ਔਰਤਾਂ 'ਡੇਨੇਕਸ' ਬ੍ਰਾਂਡ ਨਾਮ ਹੇਠ ਕੱਪੜੇ ਤਿਆਰ ਕਰਦੀਆਂ ਹਨ। ਜ਼ਿਲ੍ਹੇ ਵਿਚ ਹੁਣ ਤੱਕ ਪੰਜ ਅਜਿਹੇ ਯੂਨਿਟ ਸਥਾਪਿਤ ਕੀਤੇ ਜਾ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭੂਪੇਸ਼ ਬਘੇਲ ਮੰਗਲਵਾਰ ਨੂੰ ਆਪਣੀ ਜਨਸੰਪਰਕ ਮੁਹਿੰਮ 'ਭੇਂਟ ਮੁਲਾਕਾਤ' ਦੌਰਾਨ ਦੰਤੇਵਾੜਾ 'ਚ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਮਾਂ ਦੰਤੇਸ਼ਵਰੀ ਦੇ ਮੰਦਰ 'ਚ ਪੂਜਾ ਕੀਤੀ ਅਤੇ ਚੁੰਨੀ ਚੜ੍ਹਾਈ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਘੇਲ ਨੇ ਕਿਹਾ ਕਿ ਹੁਣ ਦੰਤੇਵਾੜਾ ਜ਼ਿਲ੍ਹੇ ਦੇ ਲੋਕਾਂ ਦਾ ਜੀਵਨ ਬਦਲ ਗਿਆ ਹੈ ਅਤੇ ਲੋਕ ਸ਼ਾਂਤੀ ਵੱਲ ਪਰਤ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ,''ਬਸਤਰ ਹੁਣ ਸ਼ਾਂਤੀ ਵੱਲ ਪਰਤ ਰਿਹਾ ਹੈ। ਪੁਲਸ ਦੀ ਗਸ਼ਤ ਵੀ ਵਧਾ ਦਿੱਤੀ ਗਈ ਹੈ। ਇਕ ਸਮੇਂ ਗੋਲੀਆਂ ਦੇ ਧਮਾਕਿਆਂ ਦੀ ਗੱਲ ਆਮ ਸੀ ਪਰ ਹੁਣ ਇਹ ਡੇਨੇਕਸ ਅਤੇ ਹੋਰ ਚੀਜ਼ਾਂ ਲਈ ਜਾਣੇ ਜਾਂਦੇ ਹਨ।'' ਉਨ੍ਹਾਂ ਕਿਹਾ,''ਨਕਸਲ ਸਮੱਸਿਆ ਸਿਰਫ਼ ਪੁਲਸ ਦੀ ਸਮੱਸਿਆ ਨਹੀਂ ਹੈ। ਇਹ ਸਮੱਸਿਆ ਸਭ ਤੋਂ ਤਾਲਮੇਲ ਕੋਸ਼ਿਸ਼ ਨਾਲ ਖ਼ਤਮ ਹੋਵੇਗੀ। ਅੰਦਰੂਨੀ ਇਲਾਕਿਆਂ ਤੱਕ ਸ਼ਾਸਨ ਦੀਆਂ ਯੋਜਨਾਵਾਂ ਪਹੁੰਚ ਰਹੀਆਂ ਹਨ, ਪ੍ਰਸ਼ਾਸਨ ਪਿੰਡ-ਪਿੰਡ ਤੱਕ ਪਹੁੰਚ ਰਿਹਾ ਹੈ। ਲੋਕਾਂ ਨੂੰ ਇੱਥੇ ਰੁਜ਼ਗਾਰ ਮਿਲ ਰਿਹਾ ਹੈ, ਜਿਸ ਨਾਲ ਨਕਸਲੀ ਭਰਤੀ 'ਚ ਕਮੀ ਆਈ ਹੈ।'' ਉੱਥੇ ਹੀ ਆਦਿਵਾਸੀਆਂ ਦਰਮਿਆਨ ਸਿੱਖਿਆ ਦੇ ਪ੍ਰਤੀ ਰੁਝਾਨ ਵਧ ਰਿਹਾ ਹੈ।


author

DIsha

Content Editor

Related News