ਅਗਲੇ ਮਹੀਨੇ ਹੋਣਾ ਸੀ ਵਿਆਹ ਪਰ ਘਰ ਆਈ ਪੁੱਤ ਦੀ ਸ਼ਹੀਦੀ ਦੀ ਖਬਰ

Tuesday, Feb 11, 2020 - 03:41 PM (IST)

ਅਗਲੇ ਮਹੀਨੇ ਹੋਣਾ ਸੀ ਵਿਆਹ ਪਰ ਘਰ ਆਈ ਪੁੱਤ ਦੀ ਸ਼ਹੀਦੀ ਦੀ ਖਬਰ

ਜਗਦਲਪੁਰ— ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ਦੇ ਪਾਮੇੜ ਇਲਾਕੇ 'ਚ ਹੋਈ ਨਕਸਲੀ ਘਟਨਾ 'ਚ ਸ਼ਹੀਦ ਹੋਏ ਪੂਰਨਾਨੰਦ ਸਾਹੂ ਦੇ ਸਿਰ 'ਤੇ ਸਿਹਰਾ ਸੱਜਣਾ ਸੀ ਪਰ ਉਸ ਤੋਂ ਪਹਿਲਾਂ ਘਰ 'ਚ ਮਾਤਮ ਦੀ ਖਬਰ ਆ ਗਈ। ਸ਼ਹੀਦ ਜਵਾਨ ਦੇ ਘਰ 'ਚ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਕਠਿਨ ਆਰਥਿਕ ਹਾਲਾਤਾਂ ਦਰਮਿਆਨ ਪੂਰਨਾਨੰਦ ਸਾਹੂ ਫੋਰਸ 'ਚ ਭਰਤੀ ਹੋਣ 'ਚ ਕਾਮਯਾਬ ਹੋਏ ਸਨ। ਨਕਸਲੀ ਹਮਲੇ 'ਚ ਉਹ ਕੱਲ ਯਾਨੀ ਸੋਮਵਾਰ ਨੂੰ ਸ਼ਹੀਦ ਹੋ ਗਏ। ਛੱਤੀਸਗੜ੍ਹ ਦੇ ਰਾਜਨਾਂਦਗਾਂਵ ਜ਼ਿਲੇ ਦੇ ਜੰਗਲਪੁਰ ਪਿੰਡ 'ਚ ਉਨ੍ਹਾਂ ਦਾ ਛੋਟਾ ਜਿਹਾ ਕੱਚਾ ਮਕਾਨ ਹੈ। ਸਾਲ 2013 'ਚ ਸਾਹੂ ਦੀ ਭਰਤੀ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) 'ਚ ਹੋਈ। ਲੰਬੇ ਸਮੇਂ ਤੋਂ ਉਹ ਬੀਜਾਪੁਰ ਇਲਾਕੇ 'ਚ ਤਾਇਨਾਤ ਸੀ। ਇਸ ਤੋਂ ਪਹਿਲਾਂ ਉਹ ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਤਾਇਨਾਤ ਸਨ। ਗਰੀਬ ਕਿਸਾਨ ਪਰਿਵਾਰ 'ਚ ਜਨਮੇ ਪੂਰਨਾਨੰਦ ਦਾ ਵਿਆਹ ਅਗਲੇ ਮਹੀਨੇ 29 ਮਾਰਚ ਨੂੰ ਹੋਣ ਵਾਲਾ ਸੀ।

ਘਰ 'ਚ ਚੱਲ ਰਿਹਾ ਸੀ ਰੰਗਾਈ ਦਾ ਕੰਮ
ਸ਼ਹੀਦ ਦੇ ਪਰਿਵਾਰ ਵਾਲਿਆਂ ਅਨੁਸਾਰ 6 ਮਾਰਚ ਨੂੰ ਉਨ੍ਹਾਂ ਦੇ ਸਗਾਈ ਦੀ ਰਸਮ ਕੀਤੀ ਜਾਣ ਵਾਲੀ ਸੀ ਅਤੇ ਵਿਆਹ ਦੀਆਂ ਰਸਮਾਂ 27, 28 ਅਤੇ 29 ਮਾਰਚ ਨੂੰ ਤੈਅ ਸਨ। ਜੇਕਰ ਉਸ ਤੋਂ ਪਹਿਲਾਂ ਪੂਰਨਾਨੰਦ ਸਾਹੂ ਪਰਿਵਾਰ ਵਾਲਿਆਂ ਨੂੰ ਛੱਡ ਕੇ ਚੱਲੇ ਗਏ। ਸ਼ਹੀਦ ਦੇ ਪਿੰਡ ਜੰਗਲਪੁਰ 'ਚ ਵਿਆਹ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਸਨ। ਘਰ ਦੀ ਰੰਗਾਈ ਦਾ ਕੰਮ ਚੱਲ ਰਿਹਾ ਸੀ।

ਪੂਰੇ ਸਨਮਾਨ ਨਾਲ ਦਿੱਤੀ ਗਈ ਅੰਤਿਮ ਵਿਦਾਈ
ਕੁਝ ਦਿਨ ਪਹਿਲਾਂ ਹੀ ਪੂਰਨਾਨੰਦ ਨੇ ਵਿਆਹ ਲਈ ਲੰਬੀ ਛੁੱਟੀ ਲੈਣ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਦਿੱਤੀ ਸੀ ਪਰ ਉਹ ਦਿਨ ਪਰਿਵਾਰ ਵਾਲਿਆਂ ਲਈ ਨਹੀਂ ਆਇਆ ਅਤੇ ਖੁਸ਼ੀਆਂ ਦਾ ਘਰ ਮਾਤਮ 'ਚ ਬਦਲ ਗਿਆ। ਉਨ੍ਹਾਂ ਦੀਆਂ 3 ਭੈਣਾਂ ਅਤੇ ਇਕ ਛੋਟਾ ਭਰਾ ਹੈ। ਇਕ ਭੈਣ ਦਾ ਵਿਆਹ ਹੋ ਚੁਕਿਆ ਹੈ, ਜਦਕਿ 2 ਭੈਣਾਂ ਅਤੇ ਭਰਾ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਉਨ੍ਹਾਂ 'ਤੇ ਹੀ ਸੀ ਪਰ ਨਕਸਲੀਆਂ ਦੀ ਕਾਇਰਾਨਾ ਹਰਕਤ ਨੇ ਇਸ ਪਰਿਵਾਰ ਦੇ ਸਾਹਮਣੇ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਅੱਜ ਸ਼ਹੀਦ ਜਵਾਨ ਨੂੰ ਉਨ੍ਹਾਂ ਦੇ ਪਿੰਡ 'ਚ ਪੂਰੇ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ।


author

DIsha

Content Editor

Related News