ਸ਼ਿਕਾਰ ਕਰਨ ਲਈ ਵਿਛਾਈ ਤਾਰ, ਕਰੰਟ ਲੱਗਣ ਨਾਲ ਦੋ ਲੋਕਾਂ ਦੀ ਮੌਤ
Tuesday, Oct 15, 2024 - 01:39 PM (IST)
ਕੋਰਬਾ- ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ 'ਚ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਵਿਛਾਏ ਗਏ ਬਿਜਲੀ ਦੇ ਤਾਰ ਦੇ ਸੰਪਰਕ ਵਿਚ ਆ ਕੇ ਕਰੰਟ ਲੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਾਲਕੋ ਥਾਣਾ ਖੇਤਰ ਦੇ ਅਧੀਨ ਬੇਲਾ ਪਿੰਡ ਦੇ ਜੰਗਲ ਵਿਚ ਕਰੰਟ ਲੱਗਣ ਕਾਰਨ ਦੋ ਪਿੰਡ ਵਾਸੀਆਂ ਨਾਰਾਇਣ ਕੰਵਰ (35) ਅਤੇ ਟਿਕੇਸ਼ਵਰ ਰਾਠੀਆ (32) ਦੀ ਮੌਤ ਹੋ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਕੰਵਰ ਅਤੇ ਰਾਠੀਆ ਸੋਮਵਾਰ ਨੂੰ ਟਾਪਰਾ ਪਿੰਡ ਵੱਲ ਮੱਛੀ ਫੜਨ ਲਈ ਗਏ ਸਨ। ਸ਼ਾਮ ਨੂੰ ਜਦੋਂ ਉਹ ਆਪਣੇ ਪਿੰਡ ਬੇਲਾ ਪਰਤ ਰਹੇ ਸਨ ਤਾਂ ਉਹ ਬਿਜਲੀ ਦੇ ਤਾਰ ਦੀ ਲਪੇਟ 'ਚ ਆ ਗਏ ਅਤੇ ਕਰੰਟ ਲੱਗਣ ਕਾਰਨ ਘਟਨਾ ਵਾਲੀ ਥਾਂ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਾਣਕਾਰੀ ਮਿਲੀ ਹੈ ਕਿ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਸ਼ਿਕਾਰੀਆਂ ਨੇ ਜੀ. ਆਈ. ਤਾਰ ਵਿਚ ਕਰੰਟ ਦਾ ਵਹਾਅ ਕਰ ਕੇ ਜੰਗਲ ਵਿਚ ਛੱਡ ਦਿੱਤਾ ਸੀ, ਜਿਸ ਦੀ ਲਪੇਟ 'ਚ ਦੋਵੇਂ ਪਿੰਡ ਵਾਸੀ ਆ ਗਏ।
ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲਸ ਟੀਮ ਨੂੰ ਘਟਨਾ ਵਾਲੀ ਥਾਂ ਲਈ ਰਵਾਨਾ ਕੀਤਾ ਗਿਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ। ਅੱਜ ਸਵੇਰੇ ਪੋਸਟਮਾਰਟਮ ਮਗਰੋਂ ਲਾਸ਼ਾਂ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜੰਗਲ ਵਿਚ ਤਾਰ ਵਿਛਾ ਕੇ ਕਰੰਟ ਛੱਡਣ ਵਾਲੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।