ਛੱਤੀਸਗੜ੍ਹ ਹੋਵੇਗਾ ਦੇਸ਼ ਦਾ ਪਹਿਲਾ ਸੂਬਾ, ਭਗਵਾਨ ਰਾਮ ਦੀਆਂ ਲੱਗਣਗੀਆਂ 25 ਫੁੱਟ ਉੱਚੀਆਂ ਮੂਰਤੀਆਂ
Wednesday, May 31, 2023 - 02:06 PM (IST)
![ਛੱਤੀਸਗੜ੍ਹ ਹੋਵੇਗਾ ਦੇਸ਼ ਦਾ ਪਹਿਲਾ ਸੂਬਾ, ਭਗਵਾਨ ਰਾਮ ਦੀਆਂ ਲੱਗਣਗੀਆਂ 25 ਫੁੱਟ ਉੱਚੀਆਂ ਮੂਰਤੀਆਂ](https://static.jagbani.com/multimedia/2023_5image_14_06_431909623ram.jpg)
ਰਾਏਪੁਰ- ਅਯੁੱਧਿਆ 'ਚ ਸ੍ਰੀਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਭਰ 'ਚ ਪ੍ਰਚਾਰ ਵਿਚ ਲੱਗੀ ਹੈ। ਅਯੁੱਧਿਆ 'ਚ ਸ੍ਰੀਰਾਮ ਦੀ ਮੂਰਤੀ ਸਥਾਪਨਾ ਤੋਂ ਪਹਿਲਾਂ ਹੀ ਛੱਤੀਸਗੜ੍ਹ ਦੀ ਭੁਪੇਸ਼ ਬਘੇਲ ਸਰਕਾਰ ਭਗਵਾਨ ਰਾਮ ਦੀਆਂ 9 ਉੱਚੀਆਂ ਮੂਰਤੀਆਂ ਸਥਾਪਤ ਕਰੇਗੀ। ਦੇਸ਼ ਵਿਚ ਛੱਤੀਸਗੜ੍ਹ ਪਹਿਲਾ ਅਜਿਹਾ ਸੂਬਾ ਹੋਵੇਗਾ, ਜਿੱਥੇ ਭਗਵਾਨ ਰਾਮ ਦੀਆਂ ਮੂਰਤੀਆਂ ਸਥਾਪਤ ਹੋਣਗੀਆਂ। ਇਸ ਦੀ ਸ਼ੁਰੂਆਤ ਚੰਦਖੁਰੀ ਤੋਂ ਹੋ ਚੁੱਕੀ ਹੈ। ਇੱਥੇ 25-25 ਫੁੱਟ ਉੱਚੀ ਭਗਵਾਨ ਰਾਮ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ। ਹੁਣ ਸਰਕਾਰ ਰਾਮ ਵਨਗਮਨ ਪੱਥ ਸ਼ੁਰੂ ਕਰਨ ਦੀ ਤਿਆਰੀ ਵਿਚ ਹੈ। 8 ਥਾਵਾਂ 'ਤੇ ਵੀ ਭਗਵਾਨ ਰਾਮ ਦੀਆਂ 25 ਫੁੱਟ ਉੱਚੀਆਂ ਮੂਰਤੀਆਂ ਲਾਈਆਂ ਜਾਣਗੀਆਂ। ਬਾਕੀ 5 ਥਾਵਾਂ 'ਤੇ ਵੀ ਜੂਨ 2023 ਤੱਕ ਮੂਰਤੀਆਂ ਦੀ ਸਥਾਪਨਾ ਦਾ ਟੀਚਾ ਰੱਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ਵਿਚ 6 ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ਹਨ। ਇਸ ਤੋਂ ਪਹਿਲਾਂ ਭੁਪੇਸ਼ ਸਰਕਾਰ ਆਪਣੇ ਮਹੱਤਵਪੂਰਨ ਪ੍ਰਾਜੈਕਟ ਰਾਮ ਵਨਗਮਨ ਪੱਥ ਨੂੰ ਅੰਤਿਮ ਰੂਪ ਦੇ ਕੇ ਸ਼ੁਰੂ ਕਰ ਰਹੀ ਹੈ। ਇੰਨਾ ਹੀ ਨਹੀਂ ਛੱਤੀਸਗੜ੍ਹ ਵਿਚ ਭਗਵਾਨ ਰਾਮ 'ਤੇ ਜਿਸ ਤਰ੍ਹਾਂ ਨਾਲ ਕੰਮ ਹੋ ਰਿਹਾ ਹੈ, ਕਾਂਗਰਸ ਵੀ ਇਸ ਨੂੰ ਦੇਸ਼ ਭਰ ਵਿਚ ਪ੍ਰਚਾਰਿਤ ਕਰਨ ਦੀ ਤਿਆਰੀ ਕਰ ਰਹੀ ਹੈ।
ਜਿੱਥੇ-ਜਿੱਥੇ ਭਗਵਾਨ ਰਾਮ ਦੀਆਂ ਮੂਰਤੀਆਂ ਸਥਾਪਤ ਹੋਣਗੀਆਂ, ਉਨ੍ਹਾਂ ਸਥਾਨਾਂ ਦਾ ਵਿਕਾਸ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 2260 ਕਿਲੋਮੀਟਰ ਵਿਚ ਰਾਮ ਵਨਗਮਨ ਪੱਥ 'ਤੇ ਵੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਪੱਥ ਦੇ ਦੋਹਾਂ ਪਾਸੇ ਪਲਾਂਟੇਸ਼ਨ ਤੋਂ ਇਲਾਵਾ ਲਾਈਟਾਂ ਲਾਈਆਂ ਜਾਣਗੀਆਂ। ਇਸ ਵਿਚ ਭਗਵਾਨ ਰਾਮ ਦੀ ਛੱਤੀਸਗੜ੍ਹ ਨਾਲ ਜੁੜੀ ਹਰ ਕਹਾਣੀ ਨੂੰ ਆਡੀਓ ਵਿਜ਼ੁਅਲ ਅਤੇ ਪੇਂਟਿੰਗ ਜ਼ਰੀਏ ਦਰਸਾਇਆ ਜਾਵੇਗਾ। ਆਡੀਓ-ਵੀਡੀਓ ਵਿਚ ਭਗਵਾਨ ਰਾਮ ਦੀ ਕਥਾ ਸ਼੍ਰਿੰਗੀ ਰਿਸ਼ੀ ਤੋਂ ਸ਼ੁਰੂ ਹੋਵੇਗੀ। ਕਾਂਗਰਸ ਸਰਕਾਰ ਅਜਿਹੀਆਂ ਕਹਾਣੀਆਂ ਰਾਹੀਂ ਹੀ ਭਗਵਾਨ ਰਾਮ ਨੂੰ ਛੱਤੀਸਗੜ੍ਹ ਨਾਲ ਜੋੜੇਗੀ।