ਅੱਜ ਤੋਂ ਸ਼ੁਰੂ ਹੋਇਆ ਸੂਰਜ ਦੀ ਪੂਜਾ ਦਾ ਤਿਉਹਾਰ ਛੱਠ ਪੂਜਾ

Saturday, Oct 25, 2025 - 10:35 AM (IST)

ਅੱਜ ਤੋਂ ਸ਼ੁਰੂ ਹੋਇਆ ਸੂਰਜ ਦੀ ਪੂਜਾ ਦਾ ਤਿਉਹਾਰ ਛੱਠ ਪੂਜਾ

ਨੈਸ਼ਨਲ ਡੈਸਕ- ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਕਿਹਾ ਜਾਵੇ ਤਾਂ ਇਹ ਗਲਤ ਨਹੀਂ ਹੋਵੇਗਾ। ਸ਼ਾਰਦੀਯ ਨਰਾਤਿਆਂ ਨਾਲ ਹੀ ਦੇਸ਼ ਵਿਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਨਰਾਤਿਆਂ ਤੋਂ ਬਾਅਦ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਦੁਸਹਿਰੇ ਦੇ 20 ਦਿਨ ਬਾਅਦ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਦੀਵਾਲੀ ਦੇ 6 ਦਿਨ ਬਾਅਦ ਸੂਰਜ ਦੀ ਪੂਜਾ ਦਾ ਤਿਉਹਾਰ ਛੱਠ ਪੂਜਾ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਭਾਰਤ ਦੇ ਬਿਹਾਰ, ਝਾਰਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿਚ ਮਨਾਏ ਜਾਣ ਵਾਲੇ ਇਸ ਮਹਾਉਤਸਵ ਨੂੰ ਇਨ੍ਹਾਂ ਖੇਤਰਾਂ ਦੇ ਲੋਕਾਂ ਦੇ ਪੰਜਾਬ, ਦਿੱਲੀ, ਮੁੰਬਈ ਵਰਗੇ ਵੱਡੇ ਮਹਾਨਗਰਾਂ ਵਿਚ ਰਹਿਣ ਕਾਰਨ ਉਥੇ ਵੀ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਇਸ ਵਾਰ ਛੱਠ ਪੂਜਾ ਦਾ ਤਿਉਹਾਰ 25 ਅਕਤੂਬਰ ਦਿਨ ਸ਼ਨੀਵਾਰ ਤੋਂ ਸ਼ੁਰੂ ਹੋ ਰਿਹਾ ਹੈ। ਹਿੰਦੂ ਕੈਲੰਡਰ ਮੁਤਾਬਕ ਕੱਤਕ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਚੌਥ ਤੋਂ ਸਪਤਮੀ ਦੇ ਸੂਰਜ ਚੜ੍ਹਨ ਤੱਕ ਛੱਠ ਪੂਜਾ ਦਾ ਤਿਉਹਾਰ ਚੱਲਦਾ ਹੈ। ਜਿਸ ਤਰ੍ਹਾਂ ਨਾਲ ਸੈਂਕੜੇ ਸਾਲ ਪਹਿਲਾਂ ਇਹ ਤਿਉਹਾਰ ਮਨਾਇਆ ਜਾਂਦਾ ਸੀ ਉਸੇ ਤਰ੍ਹਾਂ ਅੱਜ ਵੀ ਇਸ ਨੂੰ ਮਨਾਇਆ ਜਾਂਦਾ ਹੈ। ਛੱਠ ਮਈਆ ਦੀ ਪੂਜਾ ਨਾਲ ਸੰਤਾਨ ਪ੍ਰਾਪਤੀ, ਸੰਤਾਨ ਦੀ ਰੱਖਿਆ, ਸੁੱਖ ਤੇ ਖੁਸ਼ਹਾਲੀ ਦਾ ਵਰਦਾਨ ਪ੍ਰਾਪਤ ਹੁੰਦਾ ਹੈ। ਛੱਠ ਮਈਆ ਨੂੰ ਸੂਰਜ ਦੇਵਤਾ ਦੀ ਭੈਣ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : 2026 'ਚ Gold ਦੀਆਂ ਕੀਮਤਾਂ 'ਚ ਆਏਗਾ ਤੂਫਾਨ! ਬਾਬਾ ਵੇਂਗਾ ਦੀ ਭਵਿੱਖਬਾਣੀ ਸੁਣ ਤੁਸੀਂ ਰਹਿ ਜਾਓਗੇ ਹੈਰਾਨ

ਪਹਿਲਾ ਦਿਨ ਨਹਾਓ ਤੇ ਖਾਓ

ਪਹਿਲਾ ਦਿਨ ਕਤੱਕ ਸ਼ੁਕਲ ਪੱਖ ਦੀ ਚੌਥ ਨੂੰ ਨਹਾਉਣ ਤੇ ਖਾਣ ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ ਨਹਾਉਣ ਤੇ ਖਾਣ ਦਾ ਦਿਨ 25 ਅਕਤੂਬਰ ਸ਼ਨੀਵਾਰ ਨੂੰ ਹੈ। ਸਭ ਤੋਂ ਪਹਿਲਾਂ ਘਰ ਦੀ ਸਫਾਈ ਕਰ ਕੇ ਉਸ ਨੂੰ ਪਵਿੱਤਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਛੱਠ ਵਰਤ ਦਾ ਇਸ਼ਨਾਨ ਕਰ ਕੇ ਪਵਿੱਤਰ ਤਰੀਕੇ ਨਾਲ ਬਣੇ ਸ਼ੁੱਧ ਸ਼ਾਕਾਹਾਰੀ ਖਾਣਾ ਖਾ ਕੇ ਵਰਤ ਦੀ ਸ਼ੁਰੂਆਤ ਹੁੰਦੀ ਹੈ। ਘਰ ਦੇ ਬਾਕੀ ਮੈਂਬਰ ਵਰਤ ਦੇ ਭੋਜਨ ਤੋਂ ਬਾਅਦ ਹੀ ਖਾਣਾ ਖਾਂਦੇ ਹਨ। ਭੋਜਨ ਵਜੋਂ ਕੱਟੂ, ਛੋਲਿਆਂ ਦੀ ਦਾਲ ਅਤੇ ਚੌਲ ਖਾਧੇ ਜਾਂਦੇ ਹਨ।

ਦੂਜਾ ਦਿਨ ਖਰਨਾ ਤੇ ਲੋਹੰਡਾ

ਦੂਜੇ ਦਿਨ ਕਤੱਕ ਮਹੀਨੇ ਦੇ ਸ਼ੁਕਲ ਪੱਖ ਦੀ ਪੰਚਮੀ ਨੂੰ ਵਰਤਧਾਰੀ ਦਿਨ ਭਰ ਦਾ ਵਰਤ ਰੱਖਣ ਤੋਂ ਬਾਅਦ ਸ਼ਾਮ ਨੂੰ ਖਾਣਾ ਖਾਂਦੇ ਹਨ ਜਿਸ ਨੂੰ ਖਰਨਾ ਕਿਹਾ ਜਾਂਦਾ ਹੈ। ਇਸ ਸਾਲ ਖਰਨਾ ਅਤੇ ਲੋਹੰਡਾ 26 ਅਕਤੂਬਰ ਨੂੰ ਹੈ। ਖਰਨਾ ਦਾ ਪ੍ਰਸਾਦ ਲੈਣ ਲਈ ਨੇੜੇ-ਤੇੜੇ ਦੇ ਸਾਰੇ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਪ੍ਰਸਾਦ ਦੇ ਰੂਪ ਵਿਚ ਗੰਨੇ ਦੇ ਰੱਖ ਨਾਲ ਬਣੇ ਹੋਏ ਚੌਲਾਂ ਦੀ ਖੀਰ ਨਾਲ ਦੁੱਧ ਚੌਲਾਂ ਦਾ ਪਿੱਟਾ ਅਤੇ ਘਿਓ ਨਾਲ ਚੋਪੜੀ ਰੋਟੀ ਬਣਾਈ ਜਾਂਦੀ ਹੈ। ਇਸ ਵਿਚ ਨਮਕ ਜਾਂ ਖੰਡ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਦਾ Golden Time ਸ਼ੁਰੂ, ਛਠੀ ਮਈਆ ਦੀ ਖੂਬ ਵਰ੍ਹੇਗੀ ਕਿਰਪਾ

ਤੀਜਾ ਦਿਨ ਸ਼ਾਮ ਦਾ ਅਰਘ

ਤੀਜੇ ਦਿਨ ਕਤੱਕ ਸ਼ੁਕਲ ਪੱਖ ਦੇ ਛੇਵੇਂ ਦਿਨ ਛੱਠ ਪ੍ਰਸਾਦ ਬਣਾਇਆ ਜਾਂਦਾ ਹੈ। ਇਸ ਤਿਉਹਾਰ ਲਈ ਜੋ ਪ੍ਰਸਾਦ ਹੁੰਦਾ ਹੈ ਉਹ ਘਰ ਵਿਚ ਹੀ ਤਿਆਰ ਕੀਤਾ ਜਾਂਦਾ ਹੈ। ਠੇਕੁਆ ਅਤੇ ਕਸਾਰ ਤੋਂ ਇਲਾਵਾ ਹੋਰ ਜੋ ਵੀ ਪਕਵਾਨ ਬਣਾਏ ਜਾਂਦੇ ਹਨ ਉਹ ਖੁਦ ਵਰਤ ਰੱਖਣ ਵਾਲੇ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਘਰ ਵਿਚ ਹੀ ਤਿਆਰ ਕਰਦੇ ਹਨ। ਠੇਕੁਆ ਗੁੜ ਅਤੇ ਆਟੇ ਨਾਲ ਤਿਆਰ ਕੀਤਾ ਜਾਂਦਾ ਹੈ, ਉਥੇ ਕਸਾਰ ਚੌਲਾਂ ਦੇ ਆਟੇ ਅਤੇ ਗੁੜ ਨਾਲ ਤਿਆਰ ਕੀਤਾ ਜਾਂਦਾ ਹੈ। ਛੱਠ ਲਈ ਇਸਤੇਮਾਲ ਹੋਣ ਵਾਲੇ ਭਾਂਡੇ ਜਾਂ ਤਾਂ ਬਾਂਸ ਦੇ ਬਣੇ ਹੁੰਦੇ ਹਨ ਜਾਂ ਫਿਰ ਮਿੱਟੀ ਦੇ। ਸ਼ਾਮ ਨੂੰ ਪੂਰੀ ਤਿਆਰੀ ਨਾਲ ਬਾਂਸ ਦੀ ਟੋਕਰੀ ਵਿਚ ਅਰਘ ਦਾ ਛੱਜ ਸਜਾਇਆ ਜਾਂਦਾ ਹੈ। ਵਰਤੀ ਨਾਲ ਪਰਿਵਾਰ ਦੇ ਸਾਰੇ ਲੋਕ ਸੂਰਜ ਨੂੰ ਅਰਘ ਦੇਣ ਲਈ ਘਾਟ ਵੱਲ ਚਲੇ ਜਾਂਦੇ ਹਨ। ਸਾਰੇ ਛੱਠ ਵਰਤੀ ਇਕ ਨਿਸ਼ਚਿਤ ਤਾਲਾਬ ਜਾਂ ਨਦੀ ਕੰਢੇ ਇਕੱਠੇ ਹੋ ਕੇ ਸਮੂਹਿਕ ਤੌਰ ’ਤੇ ਅਰਘ ਦਾਨ ਕਰਦੇ ਹਨ। ਸੂਰਜ ਨੂੰ ਜਲ ਅਤੇ ਦੁੱਧ ਦਾ ਅਰਘ ਦਿੱਤਾ ਜਾਂਦਾ ਹੈ ਅਤੇ ਛੱਠ ਮਈਆ ਦੀ ਪ੍ਰਸਾਦ ਨਾਲ ਭਰੇ ਛੱਜ ਨਾਲ ਪੂਜਾ ਕੀਤੀ ਜਾਂਦੀ ਹੈ। ਇਸ ਸਾਲ ਡੁੱਬਦੇ ਸੂਰਜ ਨੂੰ ਦਿੱਤਾ ਜਾਣ ਵਾਲਾ ਸ਼ਾਮ ਦਾ ਅਰਘ 27 ਅਕਤੂਬਰ ਸੋਮਵਾਰ ਨੂੰ ਹੈ।

ਚੌਥਾ ਦਿਨ ਸਵੇਰ ਦਾ ਅਰਘ

ਚੌਥੇ ਦਿਨ ਕਤੱਕ ਸ਼ੁਕਲ ਪੱਖ ਦੀ ਸਪਤਮੀ ਦੀ ਸਵੇਰ ਨੂੰ ਨਿਕਲਦੇ ਹੋਏ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ। ਵਰਤੀ ਉਸੇ ਥਾਂ ’ਤੇ ਮੁੜ ਇਕੱਠੇ ਹੁੰਦੇ ਹਨ ਜਿਥੇ ਉਨ੍ਹਾਂ ਨੇ ਸ਼ਾਮ ਨੂੰ ਅਰਘ ਦਿੱਤਾ ਹੁੰਦਾ ਹੈ। ਸਾਰੇ ਵਰਤੀ ਸਵੇਰੇ ਤੜਕੇ ਉੱਠ ਕੇ ਪੂਜਾ ਦੀ ਸਾਰਾ ਸਮੱਗਰੀ ਸੂਪ ਵਿਚ ਸਜਾ ਕੇ ਘਾਟ ’ਤੇ ਜਾਣ ਲਈ ਤੁਰ ਪੈਂਦੇ ਹਨ ਅਤੇ ਪਾਣੀ ਵਿਚ ਖੜ੍ਹੇ ਹੋ ਕੇ ਸੂਰਜ ਦੇ ਨਿਕਲਣ ਦੀ ਪੂਰਾ ਸ਼ਰਧਾ ਨਾਲ ਉਡੀਕ ਕਰਦੇ ਹਨ। ਜਿਵੇਂ ਹੀ ਸੂਰਜ ਨਿਕਲਦਾ ਹੈ ਤਾਂ ਸਾਰੇ ਸ਼ਰਧਾਲੂ ਛੱਠ ਮਈਆ ਦੇ ਜੈਕਾਰੇ ਲਗਾ ਕੇ ਸੂਰਜ ਨੂੰ ਅਰਘ ਦਿੰਦੇ ਹਨ। ਅਖੀਰ ਵਰਤੀ ਕੱਚੇ ਦੁੱਧ ਦਾ ਸ਼ਰਬਤ ਪੀਕੇ ਅਤੇ ਥੋੜ੍ਹਾ ਪ੍ਰਸਾਦ ਖਾ ਕੇ ਵਰਤ ਪੂਰਾ ਕਰਦੇ ਹਨ। ਇਸ ਵਾਰ ਸਵੇਰ ਦਾ ਅਰਘ ਅਤੇ ਪਾਰਣ 28 ਅਕਤੂਬਰ ਮੰਗਲਵਾਰ ਨੂੰ ਹੈ।

ਛੱਠ ਪੂਜਾ ਵਿਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਹੁੰਦੀ ਹੈ ਲੋੜ

  • ਆਪਣੇ ਲਈ ਨਵੇਂ ਕੱਪੜੇ।
  • ਛੱਠ ਪੂਜਾ ਦਾ ਪ੍ਰਸਾਦ ਰੱਖਣ ਲਈ ਬਾਂਸ ਦੀਆਂ 2 ਵੱਡੀਆਂ ਟੋਕਰੀਆਂ।
  • ਬਾਂਸ ਜਾਂ ਪਿੱਤਲ ਦੇ ਛੱਜ।
  • ਦੁੱਧ ਜਾਂ ਪਾਣੀ ਲਈ ਇਕ ਗਲਾਸ, ਇਕ ਗੜਵੀ ਅਤੇ ਥਾਲੀ।
  • ਪੱਤਿਆਂ ਸਮੇਤ 5 ਗੰਨੇ।
  • ਪਾਣੀ ਵਾਲਾ ਨਾਰੀਅਲ।
  • ਧੂਪ, ਚੌਲ, ਸਿੰਧੂਰ, ਦੀਵਾ।
  • ਹਲਦੀ, ਮੂਲੀ ਅਤੇ ਅਦਰਕ ਦਾ ਹਰਾ ਬੂਟਾ।
  • ਮਿੱਠਾ ਨਿੰਬੂ ਵੱਡਾ, ਸ਼ਰੀਫਾ, ਕੇਲਾ ਅਤੇ ਨਾਸ਼ਪਤੀ।
  • ਸ਼ੱਕਰਕੰਦੀ ਅਤੇ ਸੁਥਨੀ।
  • ਪਾਨ ਅਤੇ ਸਾਬਤ ਸੁਪਾਰੀ।
  • ਸ਼ਹਿਦ।
  • ਕੁਮਕੁਮ, ਚੰਦਨ, ਅਗਰਬੱਤੀ ਜਾਂ ਧੂਪ ਅਤੇ ਕਪੂਰ।
  • ਮਠਿਆਈ, ਗੁੜ, ਕਣਕ ਅਤੇ ਚੌਲਾਂ ਦਾ ਆਟਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News