ਕਿਤਾਬਾਂ ’ਚੋਂ ਸ਼ਹੀਦ ਭਗਤ ਸਿੰਘ ਦਾ ਅਧਿਆਏ ਹਟਾਉਣ ਦਾ ਮਾਮਲਾ, ਜਾਣੋ ਕਰਨਾਟਕ ਸਰਕਾਰ ਦਾ ਪ੍ਰਤੀਕਰਮ
Wednesday, May 18, 2022 - 10:39 AM (IST)
ਬੈਂਗਲੁਰੂ– ਕਰਨਾਟਕ ਦੇ ਸਿੱਖਿਆ ਮੰਤਰਾਲਾ ਨੇ ਸਪੱਸ਼ਟ ਕੀਤਾ ਕਿ 10ਵੀਂ ਜਮਾਤ ਦੀ ਕੰਨੜ ਦੀਆਂ ਕਿਤਾਬਾਂ ਵਿਚੋਂ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਇਕ ਅਧਿਆਏ ਨੂੰ ਨਹੀਂ ਹਟਾਇਆ ਗਿਆ। ਮੰਤਰੀ ਬੀ. ਸੀ. ਨਾਗੇਸ਼ੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੀਡੀਆ ’ਚ ਆ ਰਹੀਆਂ ਖ਼ਬਰਾਂ ਕਿ ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਸੰਸਥਾਪਕ ਕੇਸ਼ਵ ਬਲੀਰਾਮ ਹੇਡਗੇਵਾਰ ਦੇ ਭਾਸ਼ਣ ਨੂੰ ਸ਼ਾਮਲ ਕਰਨ ਲਈ ਸ਼ਹੀਦ ਭਗਤ ਸਿੰਘ ਦੇ ਅਧਿਆਏ ਨੂੰ ਹਟਾ ਦਿੱਤਾ ਗਿਆ ਹੈ, ਪੂਰੀ ਤਰ੍ਹਾਂ ਗਲਤ ਹੈ। ਭਗਤ ਸਿੰਘ ਦਾ ਅਧਿਆਏ ਨਹੀਂ ਹਟਾਇਆ ਗਿਆ ਹੈ, ਅਸੀਂ ਸਿਰਫ਼ ਹੇਡਗੇਵਾਰ ਦਾ ਭਾਸ਼ਣ ਜੋੜਿਆ ਹੈ।
ਇਹ ਵੀ ਪੜ੍ਹੋ: ਸਕੂਲ ਦੀਆਂ ਕਿਤਾਬਾਂ ’ਚੋਂ ਸ਼ਹੀਦ ਭਗਤ ਸਿੰਘ ਦਾ ਨਾਂ ਹਟਾਉਣ ’ਤੇ ਕੇਜਰੀਵਾਲ ਦਾ BJP ’ਤੇ ਤਿੱਖਾ ਹਮਲਾ
ਦਰਅਸਲ ਆਲ ਇੰਡੀਆ ਡੈਮੋਕ੍ਰੇਟਿਕ ਆਰਗੇਨਾਈਜੇਸ਼ਨ ਅਤੇ ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ ਵਰਗੇ ਸੰਗਠਨਾਂ ਨੇ ਦੋਸ਼ ਲਾਇਆ ਸੀ ਕਿ ਸ਼ਹੀਦ ਭਗਤ ਸਿੰਘ ’ਤੇ ਅਧਿਆਏ ਨੂੰ ਹਟਾ ਕੇ ਪਾਠ ਪੁਸਤਕ ’ਚ ਆਰ. ਐੱਸ. ਐੱਸ. ਸੰਸਥਾਪਕ ਕੇਸ਼ਵ ਬਲੀਰਾਮ ਹੇਡਗੇਵਾਰ ਦਾ ਭਾਸ਼ਣ ਸ਼ਾਮਲ ਕੀਤਾ ਗਿਆ ਹੈ। ਕਰਨਾਟਕ ਟੈਕਸਟ ਬੁੱਕ ਸੋਸਾਇਟੀ ਨੇ ਸਪੱਸ਼ਟ ਕੀਤਾ ਕਿ ਇਸ ਅਧਿਆਏ ਨੂੰ ਹਟਾਇਆ ਨਹੀਂ ਗਿਆ ਹੈ।
ਇਹ ਵੀ ਪੜ੍ਹੋ: ਦਿੱਲੀ ’ਚ 63 ਲੱਖ ਲੋਕਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਦੀ ਤਿਆਰੀ ’ਚ ਭਾਜਪਾ: ਕੇਜਰੀਵਾਲ
ਦੱਸ ਦੇਈਏ ਕਿ ਪਾਠ ਪੁਸਤਕ ਤੋਂ ਸ਼ਹੀਦ ਭਗਤ ਦੇ ਅਧਿਆਏ ਨੂੰ ਹਟਾਉਣ ਦੀ ਮੀਡੀਆ ਰਿਪੋਰਟ ਤੋਂ ਸਿਆਸੀ ਜਗਤ ’ਚ ਕਾਫੀ ਹੰਗਾਮਾ ਖੜ੍ਹਾ ਹੋ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ’ਤੇ ਕਰਨਾਟਕ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਟਵੀਟ ਕਰ ਕੇ ਕਿਹਾ ਕਿ ਇਸ ਫ਼ੈਸਲੇ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਭਾਰਤੀ ਸੁਤੰਤਰਤਾ ਸੈਨਾਨੀ ਦੀ ਕੁਰਬਾਨੀ ਦਾ ਅਪਮਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਆਪਣੇ ਸ਼ਹੀਦਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ ਅਤੇ ਭਾਜਪਾ ਨੂੰ ਪੁੱਛਿਆ ਕਿ ਉਸ ਦੇ ਲੋਕ ਭਗਤ ਸਿੰਘ ਨੂੰ ਇੰਨਾ ਨਾ-ਪਸੰਦ ਕਿਉਂ ਕਰਦੇ ਹਨ? ਭਾਜਪਾ ਨੂੰ ਇਹ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਮਨੀਸ਼ ਸਿਸੋਦੀਆ ਬੋਲੇ- ‘ਆਪ’ ਨੂੰ 5 ਸਾਲ ਦੇ ਦਿਓ, ਹਿਮਾਚਲ ਦੇ ਸਕੂਲਾਂ ਦੀ ਤਸਵੀਰ ਬਦਲ ਦਿਆਂਗੇ