ਚੰਡੀਗੜ੍ਹ ਭਾਵਨਾਤਮਕ ਮੁੱਦਾ, ਕੇਂਦਰ ਮਾਰ ਰਹੀ ਹੈ ਪੰਜਾਬ ਦੇ ਹੱਕਾਂ 'ਤੇ ਡਾਕਾ: ਹਰਸਿਮਰਤ ਬਾਦਲ
Tuesday, Mar 29, 2022 - 03:09 PM (IST)
ਨਵੀਂ ਦਿੱਲੀ (ਭਾਸ਼ਾ)– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੰਡੀਗੜ੍ਹ ਦੇ ਸਾਰੇ ਕਰਮਚਾਰੀਆਂ ਨੂੰ ਕੇਂਦਰੀ ਸੇਵਾ ਨਿਯਮ ਦੇ ਦਾਇਰੇ ’ਚ ਲਿਆਉਣ ਦੇ ਐਲਾਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ’ਚ ਇਹ ਮੁੱਦਾ ਚੁੱਕਿਆ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਚੰਡੀਗੜ੍ਹ, ਪੰਜਾਬ ਲਈ ਭਾਵਨਾਤਮਕ ਮੁੱਦਾ ਹੈ ਅਤੇ ਬਤੌਰ ਰਾਜਧਾਨੀ ਇਸ ਨੂੰ ਪੰਜਾਬ ਦੇ ਅਧੀਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਦਨ ’ਚ ਸਿਫਰ ਕਾਲ ਦੌਰਾਨ ਇਹ ਮੁੱਦਾ ਚੁੱਕਦੇ ਹੋਏ ਦੋਸ਼ ਲਾਇਆ ਕਿ ਇਹ ਕੇਂਦਰ ਵਲੋਂ ਪੰਜਾਬ ਦੇ ਹੱਕਾਂ ’ਤੇ ਡਾਕਾ ਹੈ। ਮੈਂ ਚੰਡੀਗੜ੍ਹ ਨੂੰ ਛੇਤੀ ਤੋਂ ਛੇਤੀ ਪੰਜਾਬ ਨੂੰ ਦੇਣ ਦੀ ਮੰਗ ਕਰਦੀ ਹਾਂ।
ਇਹ ਵੀ ਪੜ੍ਹੋ- ਅਮਿਤ ਸ਼ਾਹ ਦਾ ਵੱਡਾ ਐਲਾਨ, ਚੰਡੀਗੜ੍ਹ ’ਚ ਹੁਣ ਕੇਂਦਰੀ ਸਰਵਿਸ ਨਿਯਮ ਹੋਣਗੇ ਲਾਗੂ (ਵੀਡੀਓ)
ਹਰਸਿਮਰਤ ਨੇ ਅੱਗੇ ਕਿਹਾ, ‘‘ਚੰਡੀਗੜ੍ਹ ਲੰਬੇ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ। ਸਮੇਂ-ਸਮੇਂ ’ਤੇ ਕੇਂਦਰ ਸਰਕਾਰਾਂ ਨੇ ਚੰਡੀਗੜ੍ਹ ’ਤੇ ਸਾਡੇ ਦਾਅਵੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਤਾਂ ਚੰਡੀਗੜ੍ਹ ’ਚ ਦੂਜੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੈਡਰ ਦੇ ਕਰਮਚਾਰੀ ਜਾ ਸਕਦੇ ਹਨ। ਇਹ ਸਾਡੇ ਹੱਕਾਂ ’ਤੇ ਡਾਕਾ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਇਹ ਸਾਡੇ ਲਈ ਭਾਵਨਾਤਮਕ ਮੁੱਦਾ ਹੈ। ਇਸ ’ਤੇ ਸਾਡੇ ਹੱਕਾਂ ਨੂੰ ਘੱਟ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਚੰਡੀਗੜ੍ਹ ’ਚ ਕੇਂਦਰੀ ਸਰਵਿਸਿਜ਼ ਨਿਯਮ ਲਾਗੂ ਕਰਨੇ ਪੰਜਾਬ ਦੇ ਅਧਿਕਾਰਾਂ ਨਾਲ ਇਕ ਹੋਰ ਵੱਡਾ ਧੱਕਾ : ਅਕਾਲੀ ਦਲ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 1980 ਦੇ ਦਹਾਕੇ ਦੇ ‘ਰਾਜੀਵ-ਲੋਗੋਂਵਾਲ ਸਮਝੌਤੇ’ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੇਰੀ ਅਪੀਲ ਹੈ ਕਿ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਜਲਦ ਕਰਵਾਓ। ਸਾਡੀ ਰਾਜਧਾਨੀ ਸਾਨੂੰ ਵਾਪਸ ਦਿਵਾਓ।
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ।