ਬੇਭਰੋਸਗੀ ਪ੍ਰਸਤਾਵ ''ਤੇ ਸ਼ਾਹ ਦੀ ਵਿਰੋਧੀ ਧਿਰ ਨੂੰ ਚੁਣੌਤੀ, ਅਸੀਂ ਤਿਆਰ ਹਾਂ

Saturday, Mar 24, 2018 - 03:46 PM (IST)

ਗੁਹਾਟੀ— ਬੇਭਰੋਸਗੀ ਪ੍ਰਸਤਾਵ 'ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ,''ਮੈਂ ਚੁਣੌਤੀ ਦਿੰਦਾ ਹਾਂ ਕਿ ਤੁਸੀਂ ਰੌਲਾ-ਰੱਪਾ ਬੰਦ ਕਰੋ ਅਤੇ ਸਦਨ 'ਚ ਬੇਭਰੋਸਗੀ ਪ੍ਰਸਤਾਵ ਪੇਸ਼ ਕਰੋ, ਸਾਡੀ ਪਾਰਟੀ ਇਸ ਲਈ ਤਿਆਰ ਹੈ। ਸਾਡੇ ਕੋਲ ਪੂਰਨ ਬਹੁਮਤ ਹੈ।'' ਜ਼ਿਕਰਯੋਗ ਹੈ ਕਿ ਕਾਂਗਰਸ ਨੇ ਪੱਤਰ ਲਿਖ ਕੇ ਲੋਕ ਸਭਾ ਦੇ ਜਨਰਲ ਸਕੱਤਰ ਤੋਂ 27 ਮਾਰਚ ਨੂੰ ਸਰਕਾਰ ਦੇ ਖਿਲਾਫ ਬੇਭਰੋਸਗੀ ਪ੍ਰਸਤਾਵ ਪੇਸ਼ ਕਰਨ ਦੀ ਮਨਜ਼ੂਰੀ ਮੰਗੀ ਹੈ। ਇਸ ਤੋਂ ਪਹਿਲਾਂ ਹੀ ਤੇਲੁਗੂ ਦੇਸ਼ਮ ਪਾਰਟੀ ਅਤੇ ਵਾਈ.ਐੱਸ.ਆਰ. ਕਾਂਗਰਸ ਬੇਭਰੋਸਗੀ ਪ੍ਰਸਤਾਵ ਦਾ ਨੋਟਿਸ ਦੇ ਚੁਕੀ ਹੈ। ਗੁਹਾਟੀ 'ਚ ਬੂਥ ਚੇਅਰਮੈਨ ਸੰਮੇਲਨ ਦੌਰਾਨ ਅਮਿਤ ਸ਼ਾਹ ਨੇ ਕਿਹਾ,''ਅਸੀਂ ਸਾਰੇ ਮਸਲਿਆਂ 'ਤੇ ਬਹਿਸ ਲਈ ਤਿਆਰ ਹਾਂ ਪਰ ਵਿਰੋਧੀ ਧਿਰ ਸਦਨ ਨੂੰ ਚੱਲਣ ਨਹੀਂ ਦੇਣਾ ਚਾਹੁੰਦਾ ਹੈ।'' ਅਮਿਤ ਸ਼ਾਹ ਨੇ ਕਾਂਗਰਸ 'ਤੇ ਦੋਸ਼ ਲਗਾਇਆ ਕਿ ਉਹ 'ਫੁੱਟ ਪਾਓ ਅਤੇ ਰਾਜ ਕਰੋ' ਦੀ ਰਾਜਨੀਤੀ ਕਰਦੀ ਹੈ ਅਤੇ ਭਾਜਪਾ 'ਸਭ ਕਾ ਸਾਥ ਸਭ ਕਾ ਵਿਕਾਸ' ਦੀ ਨੀਤੀ 'ਤੇ ਕੰਮ ਕਰਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਸਾਮ ਨੇ ਮਨਮੋਹਨ ਸਿੰਘ ਨੂੰ ਜਿੱਤਾ ਕੇ ਭੇਜਿਆ ਪਰ ਉਨ੍ਹਾਂ ਨੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਇੱਥੋਂ ਲਈ ਕੁਝ ਨਹੀਂ ਕੀਤਾ। ਭਾਜਪਾ ਪ੍ਰਧਾਨ ਨੇ ਰਾਹੁਲ ਗਾਂਧੀ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ,''ਮੈਂ ਰਾਹੁਲ ਜੀ ਤੋਂ ਸਿਰਫ ਇੰਨਾ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨੇ 10 ਸਾਲਾਂ ਦੇ ਕਾਰਜਕਾਲ 'ਚ ਆਸਾਮ ਲਈ ਕੀ ਕੀਤਾ ਹੈ, ਮੈਨੂੰ ਦੱਸ ਦੇਣ?

2019 'ਚ ਜਿੱਤਣ ਦਾ ਦਾਅਵਾ
ਬੂਥ ਚੇਅਰਮੈਨ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਭਾਜਪਾ ਵਰਕਰਾਂ ਨੂੰ ਪਾਰਟੀ ਦੀ ਸਭ ਤੋਂ ਵੱਡੀ ਮਜ਼ਬੂਤੀ ਦੱਸਿਆ। ਤ੍ਰਿਪੁਰਾ ਸਮੇਤ ਦੇਸ਼ ਦੇ ਕਈ ਰਾਜਾਂ 'ਚ ਮਿਲੀ ਜਿੱਤ ਤੋਂ ਉਤਸ਼ਾਹਤ ਸ਼ਾਹ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਦਾ ਵਿਜੇ ਰੱਥ ਪੂਰਬੀ-ਉੱਤਰੀ ਭਾਰਤ 'ਚ ਲਗਾਤਾਰ ਅੱਗੇ ਵਧਦਾ ਰਹੇਗਾ ਅਤੇ ਪਾਰਟੀ ਸਾਲ 2019 ਦੀਆਂ ਲੋਕ ਸਭਾ ਚੋਣਾਂ ਵੀ ਜਿੱਤੇਗੀ। ਅਮਿਤ ਸ਼ਾਹ ਨੇ ਨਾਰਥ ਈਸਟ 'ਚ ਭਾਜਪਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੇ ਹੋਏ ਕਿਹਾ,''ਪਿਛਲੀਆਂ ਲੋਕ ਸਭਾ ਚੋਣਾਂ 'ਚ ਸਾਡੀ ਪਾਰਟੀ ਇੱਥੇ ਸਿਰਫ 8 ਸੀਟਾਂ 'ਤੇ ਚੋਣਾਂ ਜਿੱਤੀ ਸੀ ਪਰ ਮੈਂ ਆਪਣੇ ਬੂਥ ਵਰਕਰਾਂ ਦੇ ਦਮ 'ਤੇ ਦਾਅਵਾ ਕਰਦਾ ਹਾਂ ਕਿ ਨਾਰਥ ਈਸਟ 'ਚ ਅਸੀਂ ਇਸ ਵਾਰ 25 ਸੀਟਾਂ 'ਚੋਂ ਘੱਟੋ-ਘੱਟ 21 ਸੀਟਾਂ ਜਿੱਤਾਂਗੇ ਅਤੇ ਫਿਰ ਤੋਂ ਕੇਂਦਰ 'ਚ ਸਰਕਾਰ ਬਣਾਵਾਂਗੇ।''


Related News