ਕੇਂਦਰ ਸਰਕਾਰ ਨੇ ਸ਼੍ਰੀਨਗਰ ਹਵਾਈ ਅੱਡੇ ਨੂੰ ‘ਪ੍ਰਮੁੱਖ ਹਵਾਈ ਅੱਡਾ’ ਐਲਾਨਿਆ
Sunday, Nov 07, 2021 - 01:50 PM (IST)
ਨਵੀਂ ਦਿੱਲੀ/ਸ਼੍ਰੀਨਗਰ— ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਸ਼ਨੀਵਾਰ ਨੂੰ ਸ਼੍ਰੀਨਗਰ ਕੌਮਾਂਤਰੀ ਹਵਾਈ ਅੱਡੇ ਨੂੰ ‘ਪ੍ਰਮੁੱਖ ਹਵਾਈ ਅੱਡਾ’ ਐਲਾਨ ਕੀਤਾ। ਮੰਤਰਾਲਾ ਵਲੋਂ ਸ਼ਨੀਵਾਰ ਨੂੰ ਜਾਰੀ ਗਜ਼ਟ ਨੋਟੀਫ਼ਿਕੇਸ਼ਨ ’ਚ ਕਿਹਾ ਗਿਆ ਹੈ ਕਿ ਏਅਰਪੋਰਟਸ ਇਕਨਾਮਿਕ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਐਕਟ, 2008 ਦੀ ਧਾਰਾ-2 ਦੀ ਉੱਪ ਧਾਰਾ (I) ਵਲੋਂ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਕੇਂਦਰ ਸਰਕਾਰ ਇਸ ਤਰ੍ਹਾਂ ਸ਼੍ਰੀਨਗਰ ਦੇ ਹਵਾਈ ਅੱਡੇ ਨੂੰ ਪ੍ਰਮੁੱਖ ਹਵਾਈ ਅੱਡਾ ਐਲਾਨ ਕਰਦਾ ਹੈ।
ਦੱਸਣਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਕਸ਼ਮੀਰ ਯਾਤਰਾ ਦੌਰਾਨ 23 ਅਕਤੂਬਰ ਨੂੰ ਸ਼੍ਰੀਨਗਰ ਹਵਾਈ ਅੱਡੇ ’ਤੇ ਕੌਮਾਂਤਰੀ ਉਡਾਣ ਸੰਚਾਲਨ ਦਾ ਉਦਘਾਟਨ ਕੀਤਾ ਸੀ। ਅਮਿਤ ਸ਼ਾਹ ਨੇ ਸ਼੍ਰੀਨਗਰ ਤੋਂ ਸ਼ਾਰਜਾਹ ਅਤੇ ਯੂ. ਏ. ਈ. ਲਈ ਵੀ ਸਿੱਧੀ ਉਡਾਣ ਸੇਵਾ ਦਾ ਉਦਘਾਟਨ ਕੀਤਾ। ਇਸ ਦੇ ਨਾਲ 11 ਸਾਲ ਬਾਅਦ ਇਕ ਵਾਰ ਫਿਰ ਕਸ਼ਮੀਰ ਤੋਂ ਸੰਯੁਕਤ ਅਰਬ ਅਮੀਰਾਤ ਵਿਚਾਲੇ ਸਿੱਧੀ ਉਡਾਣ ਸੇਵਾ ਦੀ ਸ਼ੁਰੂਆਤ ਹੋਈ ਹੈ।
ਦੱਸ ਦੇਈਏ ਕਿ ਸ਼੍ਰੀਨਗਰ ਤੋਂ ਹੁਣ ਦੁਬਈ ਸਮੇਤ ਕਿਸੇ ਵੀ ਖਾੜੀ ਦੇਸ਼ ਤੱਕ ਦਾ ਸਫ਼ਰ ਸਿਰਫ਼ 4 ਘੰਟੇ ਵਿਚ ਮੁਕੰਮਲ ਹੋ ਸਕੇਗਾ। ਜੰਮੂ-ਕਸ਼ਮੀਰ ਦੇ ਜੋ ਯਾਤਰੀ ਖਾੜੀ ਦੇਸ਼ਾਂ ਲਈ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਹੁਣ ਦਿੱਲੀ ਜਾਂ ਪੰਜਾਬ ਤੋਂ ਫਲਾਈਟ ਲੈਣ ਦੀ ਲੋੜ ਨਹੀਂ ਹੈ। ਉਹ ਸ਼੍ਰੀਨਗਰ ਕੌਮਾਂਤਰੀ ਹਵਾਈ ਅੱਡੇ ਤੋਂ ਹੀ ਸਿੱਧੀ ਉਡਾਣ ਭਰ ਸਕਣਗੇ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੇ ਪੈਸੇ ਸਗੋਂ ਸਮੇਂ ਦੀ ਵੀ ਬਚਤ ਹੋਵੇਗੀ।