ਵੈਕਸੀਨ ਦੀ ਘਾਟ ''ਤੇ ਦਿੱਲੀ ਸਰਕਾਰ ਨੇ ਮੁੜ ਚੁਕੇ ਕੇਂਦਰ ''ਤੇ ਸਵਾਲ, ਜਾਣੋ ਕੀ ਬੋਲੇ ਸਿਸੋਦੀਆ
Monday, Jun 21, 2021 - 04:18 PM (IST)
ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਜੁਲਾਈ 'ਚ ਰਾਸ਼ਟਰੀ ਰਾਜਧਾਨੀ 'ਚ ਉਪਯੋਗ ਲਈ ਕੋਰੋਨਾ ਟੀਕਿਆਂ ਦੀਆਂ ਸਿਰਫ਼ 15 ਲੱਖ ਖ਼ੁਰਾਕਾਂ ਦੀ ਸਪਲਾਈ ਕਰੇਗੀ ਅਤੇ ਇਸ ਤੇਜ਼ੀ ਨਾਲ ਸ਼ਹਿਰ ਦੀ ਪੂਰੀ ਆਬਾਦੀ ਦਾ ਟੀਕਾਕਰਨ ਕਰਵਾਉਣ 'ਚ ਕਰੀਬ 16 ਮਹੀਨੇ ਹੋਰ ਲੱਗਣਗੇ। 7 ਜੂਨ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ 21 ਜੂਨ ਤੋਂ 18 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਦਾ ਮੁਫ਼ਤ ਟੀਕਾਕਰਨ ਕਰਵਾਏਗੀ ਅਤੇ ਕੇਂਦਰ ਸਰਕਾਰ ਸੂਬਿਆਂ ਨੂੰ ਖ਼ੁਰਾਕਾਂ ਵੰਡੇਗੀ।
ਸਿਸੋਦੀਆ ਨੇ ਆਨਲਾਈਨ ਪੱਤਰਕਾਰ ਸੰਮੇਲਨ 'ਚ ਕਿਹਾ,''ਮੈਨੂੰ ਪਤਾ ਲੱਗਾ ਹੈ ਕਿ 2 ਜੂਨ ਦੇ ਬਾਅਦ ਤੋਂ ਇਸਤੇਮਾਲ ਲਈ ਕਿਸੇ ਟੀਕੇ ਦੀ ਮੁਫ਼ਤ ਸਪਲਾਈ ਨਹੀਂ ਹੋਈ ਹੈ।'' ਉਨ੍ਹਾਂ ਕਿਹਾ ਕਿ ਕੇਂਦਰ ਜੁਲਾਈ ਲਈ ਸਿਰਫ਼ 15 ਲੱਖ ਖ਼ੁਰਾਕਾਂ ਦੀ ਸਪਲਾਈ ਕਰੇਗਾ। ਉੱਪ ਮੁੱਖ ਮੰਤਰੀ ਨੇ ਕਿਹਾ,''ਅਸੀਂ ਇਸ ਰਫ਼ਤਾਰ ਨਾਲ ਚੱਲੀਏ ਤਾਂ, ਪੂਰੀ ਦਿੱਲੀ ਦਾ ਟੀਕਾਕਰਨ ਕਰਨ 'ਚ 15-16 ਹੋਰ ਮਹੀਨੇ ਲੱਗ ਜਾਣਗੇ।'' ਸਿਸੋਦੀਆ ਨੇ ਦੋਸ਼ ਲਗਾਇਆ,''ਤੁਸੀਂ ਕਹਿੰਦੇ ਰਹੇ ਹੋ ਕਿ ਭਾਰਤ ਵਿਸ਼ਵ ਪੱਧਰ 'ਤੇ ਸਭ ਤੋਂ ਵੱਡਾ ਟੀਕਾਕਰਨ ਮੁਹਿੰਮ ਚੱਲਾ ਰਿਹਾ ਹੈ ਪਰ ਇਹ ਦੁਨੀਆ ਦਾ ਸਭ ਤੋਂ ਕੁਪ੍ਰਬੰਧਿਤ, ਪੱਟੜੀ ਤੋਂ ਉਤਰੀ ਹੋਈ ਅਤੇ ਖ਼ਰਾਬੀਆਂ ਨਾਲ ਭਰੀ ਮੁਹਿੰਮ ਹੋ ਗਈ ਹੈ।''