ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਬ੍ਰਿਟੇਨ ਨੂੰ ਨਹੀਂ ਭੇਜੀਆਂ ਜਾਣਗੀਆਂ ਕੋਵੀਸ਼ੀਲਡ ਟੀਕੇ ਦੀਆਂ 50 ਲੱਖ ਖੁਰਾਕਾਂ
Saturday, May 08, 2021 - 11:08 AM (IST)
ਨਵੀਂ ਦਿੱਲੀ- 'ਕੋਵੀਸ਼ੀਲਡ' ਟੀਕੇ ਦੀਆਂ 50 ਲੱਖ ਖੁਰਾਕਾਂ ਦੀ ਵਰਤੋਂ ਹੁਣ ਭਾਰਤ 'ਚ ਕੋਰੋਨਾ ਮਾਮਲਿਆਂ 'ਚ ਵਾਧੇ ਦੇ ਮੱਦੇਨਜ਼ਰ ਦੇਸ਼ ਦੇ 21 ਸੂਬਿਆਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 18-44 ਉਮਰ ਵਰਗ ਦੇ ਟੀਕਾਕਰਨ ਲਈ ਉਪਲੱਬਧ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਖੁਰਾਕਾਂ ਨੂੰ ਸੀਰਮ ਇੰਸਟੀਚਿਊਟ ਵਲੋਂ ਬ੍ਰਿਟੇਨ ਨਿਰਯਾਤ ਕੀਤਾ ਜਾਣਾ ਸੀ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਦਿੱਤੀ। ਕੇਂਦਰ ਸਰਕਾਰ ਦਾ ਇਨ੍ਹਾਂ ਖੁਰਾਕਾਂ ਨੂੰ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਲਾਟ ਕਰਨ ਦਾ ਇਹ ਫ਼ੈਸਲੇ ਅਜਿਹੇ ਸਮੇਂ ਆਇਆ ਹੈ, ਜਦੋਂ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ 'ਚ ਡਾਇਰੈਕਟਰ (ਸਰਕਾਰ ਅਤੇ ਰੈਗੂਲੇਟਰੀ ਮਾਮਲਿਆਂ) ਪ੍ਰਕਾਸ਼ ਕੁਮਾਰ ਸਿੰਘ ਨੇ ਹਾਲ 'ਚ ਕੇਂਦਰੀ ਸਿਹਤ ਮੰਤਰਾਲਾ ਨੂੰ ਚਿੱਠੀ ਲਿਖ ਕੇ ਇਸ ਲਈ ਮਨਜ਼ੂਰੀ ਮੰਗੀ ਸੀ। ਸੀਰਮ ਇੰਸਟੀਚਿਊਟ ਨੇ 23 ਮਾਰਚ ਨੂੰ ਮੰਤਰਾਲਾ ਤੋਂ ਕੋਵੀਸ਼ੀਲਡ ਦੀ 50 ਲੱਖ ਖੁਰਾਕ ਦੀ ਸਪਲਾਈ ਬ੍ਰਿਟੇਨ ਨੂੰ ਕਰਨ ਦੀ ਮਨਜ਼ੂਰੀ ਮੰਗੀ ਸੀ।
ਇਹ ਵੀ ਪੜ੍ਹੋ : ਦਿੱਲੀ ਦੇ ਹਸਪਤਾਲਾਂ 'ਚ ਕੋਰੋਨਾ ਦੇ ਝੰਬੇ ਲੋਕ ਹੁਣ ਹੋ ਰਹੇ ਨੇ ਫੰਗਲ ਇਨਫੈਕਸ਼ਨ ਦੇ ਸ਼ਿਕਾਰ
ਸੀਰਮ ਇੰਸਟੀਚਿਊਟ ਨੇ ਇਸ ਸੰਬੰਧ 'ਚ ਐਸਟ੍ਰਾਜੇਨੇਕਾ ਨਾਲ ਇਕ ਸਮਝੌਤੇ ਦਾ ਹਵਾਲਾ ਦਿੱਤਾ ਸੀ ਅਤੇ ਭਾਰਤ ਨੂੰ ਭਰੋਸਾ ਦਿੱਤਾ ਸੀ ਕਿ ਇਸ ਸਪਲਾਈ ਨਾਲ ਉਸ ਦਾ ਕੋਰੋਨਾ ਵਾਇਰਸ ਰੋਕੂ ਟੀਕਾਕਰਨ ਪ੍ਰੋਗਰਾਮ ਪ੍ਰਭਾਵਿਤ ਨਹੀਂ ਹੋਵੇਗਾ। ਇਕ ਅਧਿਕਾਰਤ ਸੂਤਰ ਨੇ ਕਿਹਾ,''ਕੋਵੀਸ਼ੀਲਡ ਟੀਕੇ ਦੀ 50 ਲੱਖ ਦਾ ਭੰਡਾਰ ਹੁਣ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 18-44 ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਲਈ ਉਪਲੱਬਧ ਹੈ।'' ਮੰਤਰਾਲਾ ਨੇ ਸੂਬਿਆਂ ਨੂੰ ਕੰਪਨੀ ਨਾਲ ਸੰਪਰਕ ਕਰਨ ਅਤੇ ਖਰੀਦ ਗਤੀਵਿਧੀ ਨੂੰ ਤੁਰੰਤ ਸ਼ੁਰੂ ਕਰਨ ਲਈ ਕਿਹਾ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਕੁਝ ਸੂਬਿਆਂ ਨੂੰ 3,50,000 ਖੁਰਾਕਾਂ ਅਲਾਟ ਕੀਤੀਆਂ ਗਈਆਂ ਹਨ, ਹੋਰ ਨੂੰ 1,00,000-1,00,000 ਖੁਰਾਕਾਂ ਮਿਲੀਆਂ ਹਨ ਅਤੇ 2 ਹੋਰ ਨੂੰ 50,000-50,000 ਖੁਰਾਕਾਂ ਮਿਲੀਆਂ ਹਨ। ਇਨ੍ਹਾਂ ਟੀਕਿਆਂ 'ਤੇ ਕੋਵੀਸ਼ੀਲਡ ਨਹੀਂ ਸਗੋਂ ਕੋਵਿਡ-19 ਵੈਕਸੀਨ ਐਸਟ੍ਰਾਜੇਨੇਕਾ ਦਾ ਲੇਬਲ ਲਗਾਇਆ ਗਿਆ ਹੈ। ਭਾਰਤ 'ਚ ਇਕ ਦਿਨ 'ਚ ਕੋਰੋਨਾ ਦੇ 4,14,188 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਦੇਸ਼ 'ਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 2,14,91,598 'ਤੇ ਪਹੁੰਚ ਗਈ, ਜਦੋਂ ਕਿ 24 ਘੰਟਿਆਂ ਅੰਦਰ 3,915 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 2,34,083 ਹੋ ਗਈ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਰੂਪਾਂ ਨੇ ਭਾਰਤ ’ਚ ਵੰਡਿਆ ਆਪਣਾ-ਆਪਣਾ ਇਲਾਕਾ, ਸਭ ਤੋਂ ਭਿਆਨਕ ਹੈ ਇਹ 'ਵੇਰੀਐਂਟ'