ਕੋਟਾ ਦੇ ਇਕ ਹਸਪਤਾਲ 'ਚ 107 ਬੱਚਿਆਂ ਦੀ ਮੌਤ, ਜਾਂਚ ਲਈ ਕੇਂਦਰੀ ਟੀਮ ਪੁੱਜੀ
Saturday, Jan 04, 2020 - 02:20 PM (IST)

ਕੋਟਾ—ਰਾਜਸਥਾਨ 'ਚ ਕੋਟਾ ਦੇ ਜੇ.ਕੇ.ਲੋਨ ਹਸਪਤਾਲ 'ਚ ਬੱਚਿਆਂ ਦੀ ਮੌਤ ਦਾ ਅੰਕੜਾ ਵੱਧ ਕੇ 107 ਹੋ ਗਿਆ ਹੈ। ਕੋਟਾ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਭਾਵ ਸ਼ਨੀਵਾਰ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਰਿਪੋਰਟ ਮੰਗਣ ਤੋਂ ਬਾਅਦ ਡਿਪਟੀ ਸੀ.ਐੱਮ. ਸਚਿਨ ਪਾਇਲਟ ਵੀ ਕੋਟਾ ਪਹੁੰਚ ਰਹੇ ਹਨ। ਉੱਥੇ ਹੀ ਕੇਂਦਰੀ ਸਿਹਤ ਮੰਤਰਾਲੇ ਦੀ ਇੱਕ ਵਿਸ਼ੇਸ਼ ਟੀਮ ਰਾਜਸਥਾਨ ਦੇ ਕੋਟਾ ਸਥਿਤ ਜੇ.ਕੇ.ਲੋਨ ਹਸਪਤਾਲ ਪਹੁੰਚੀ। ਇਸ ਟੀਮ 'ਚ ਜੋਧਪੁਰ ਏਮਜ਼ ਦੇ ਮਾਹਰ ਡਾਕਟਰ, ਸਿਹਤ,ਵਿੱਤ ਅਤੇ ਖੇਤਰੀ ਡਾਇਰੈਕਟਰ ਸ਼ਾਮਲ ਹਨ। ਇਸ ਤੋਂ ਇਲਾਵਾ ਜੈਪੁਰ ਤੋਂ ਵੀ ਮਾਹਰਾਂ ਨੂੰ ਇਸ 'ਚ ਸ਼ਾਮਲ ਕੀਤਾ ਗਿਆ ਹੈ। ਦੱਸ ਦੇਈਏ ਕਿ ਕੋਟਾ ਸਥਿਤ ਇਸ ਹਸਪਤਾਲ 'ਚ ਇਲਾਜ ਦੌਰਾਨ ਬੀਤੇ ਦਸੰਬਰ ਮਹੀਨੇ 'ਚ ਲਗਭਗ 100 ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਇਸ ਸਬੰਧੀ ਰਾਜਸਥਾਨ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ। ਉਨ੍ਹਾਂ ਮੁਤਾਬਕ ਕੇਂਦਰ ਸਰਕਾਰ ਨੇ ਰਾਜਸਥਾਨ ਸਰਕਾਰ ਨੂੰ ਬੱਚਿਆਂ ਦੇ ਇਲਾਜ 'ਚ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਨੇ ਦੱਸਿਆ ਹੈ ਕਿ ਬਾਲ ਰੋਗ ਮਾਹਰਾਂ ਦੀ ਇਕ ਟੀਮ ਨੂੰ ਵੀ ਰਾਜਸਥਾਨ ਲਈ ਰਵਾਨਾ ਕੀਤੀ ਗਈ ਹੈ ਤਾਂ ਕਿ ਉੱਥੇ ਬੱਚਿਆਂ ਦੀ ਮੌਤ ਨੂੰ ਰੋਕਿਆ ਜਾ ਸਕੇ।
ਡਾ. ਹਰਸ਼ ਵਰਧਨ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਦੱਸਿਆ ਹੈ ਕਿ ਜੇ.ਕੇ.ਲੋਨ ਹਸਪਤਾਲ ਨੂੰ ਵਿੱਤੀ ਸਾਲ 2019-20 ਦੌਰਾਨ ਐਡਵਾਂਸ ਰਾਸ਼ੀ ਦੇ ਤੌਰ 'ਤੇ 91 ਲੱਖ ਰੁਪਏ ਪਹਿਲੇ ਹੀ ਦਿੱਤੇ ਜਾ ਚੁੱਕੇ ਹਨ। ਇਹ ਰਾਸ਼ੀ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਦਿੱਤੀ ਗਈ ਹੈ। ਕੋਟਾ ਜ਼ਿਲੇ ਦੀ ਗੱਲ ਕਰੀਏ ਤਾਂ ਵਿੱਤੀ ਸਾਲ 2019-20 ਲਈ ਇਸ ਜ਼ਿਲੇ ਨੂੰ 27 ਕਰੋੜ 45 ਲੱਖ ਰੁਪਏ ਦਿੱਤੇ ਗਏ। ਕੇਂਦਰੀ ਸਿਹਤ ਮੰਤਰੀ ਨੇ ਰਾਜਸਥਾਨ ਦੇ ਮੁੱਖ ਮੰਤਰੀ ਤੋਂ ਹੋਰ ਜ਼ਿਆਦਾ ਵਿੱਤੀ ਸਹਾਇਤਾ ਦਿੱਤੇ ਜਾਣ ਦੀ ਪੇਸ਼ਕਸ਼ ਕੀਤੀ ਹੈ। ਡਾ.ਹਰਸ਼ ਵਰਧਨ ਨੇ ਰਾਜਸਥਾਨ ਸਰਕਾਰ ਨੂੰ ਕਿਹਾ ਹੈ ਕਿ ਜ਼ਰੂਰਤ ਪੈਣ 'ਤੇ ਰਾਜਸਥਾਨ ਸਰਕਾਰ ਵਿੱਤੀ ਸਹਾਇਤਾ ਦੇ ਲਈ ਕੇਂਦਰ ਨੂੰ ਪ੍ਰਸਤਾਵ ਭੇਜ ਸਕਦੀ ਹੈ।