''ਕੇਜਰੀਵਾਲ ਦੇ ਕਤਲ ਦੀ ਸਾਜ਼ਿਸ਼ ਰਚ ਰਹੀ ਹੈ ਕੇਂਦਰ ਸਰਕਾਰ ਤੇ ਦਿੱਲੀ ਪੁਲਸ''
Saturday, Jan 25, 2025 - 02:51 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਨੇ ਸ਼ੁੱਕਰਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਦਿੱਲੀ ਪੁਲਸ ’ਤੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੇ ‘ਕਤਲ’ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਅਤੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਪੰਜਾਬ ਪੁਲਸ ਵੱਲੋਂ ਉਨ੍ਹਾਂ ਨੂੰ ਪ੍ਰਦਾਨ ਕੀਤੀ ਗਈ ਸੁਰੱਖਿਆ ਮੁੜ ਬਹਾਲ ਕੀਤੀ ਜਾਵੇ, ਜੋ ਕਿ ਵਾਪਸ ਲੈ ਲਈ ਗਈ ਹੈ। ਇਸ ਦੋਸ਼ ’ਤੇ ਭਾਜਪਾ ਜਾਂ ਦਿੱਲੀ ਪੁਲਸ ਵੱਲੋਂ ਤਤਕਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਪੰਜਾਬ ਦੇ ਉਨ੍ਹਾਂ ਦੇ ਹਮਰੁਤਬਾ ਭਗਵੰਤ ਮਾਨ ਨੇ ਇਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਮਿਸ਼ਨ ਨੂੰ ਪੱਤਰ ਲਿਖ ਕੇ 5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ‘ਆਪ’ ਲਈ ‘ਬਰਾਬਰ ਮੌਕਾ’ ਦੇਣ, ਕੇਜਰੀਵਾਲ ਨੂੰ ਪੰਜਾਬ ਪੁਲਸ ਵੱਲੋਂ ਦਿੱਤੀ ਗਈ ਸੁਰੱਖਿਆ ਬਹਾਲ ਕਰਨ ਅਤੇ ਉਨ੍ਹਾਂ ’ਤੇ ਹੋਏ ‘ਕਾਤਲਾਨਾ’ ਹਮਲਿਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੇ ਅਧੀਨ ਆਉਣ ਵਾਲੀ ਦਿੱਲੀ ਪੁਲਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ’ਤੇ ਕੇਜਰੀਵਾਲ ’ਤੇ ਹੋਏ ਕਥਿਤ ਹਮਲਿਆਂ ’ਤੇ ਅੱਖਾਂ ਮੀਟ ਲਈਆਂ ਹਨ। ਆਤਿਸ਼ੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕੇਜਰੀਵਾਲ ਜੀ ਦੇ ਕਤਲ ਦੀ ਇਸ ਸਾਜ਼ਿਸ਼ ’ਚ 2 ਲੋਕ ਸ਼ਾਮਲ ਹਨ- ਭਾਜਪਾ ਅਤੇ ਦਿੱਲੀ ਪੁਲਸ। ਉਹ ਦੋਵੇਂ ਕੇਜਰੀਵਾਲ ਦੀ ਜਾਨ ਲੈਣ ਦੀ ਸਾਜ਼ਿਸ਼ ਰੱਚ ਰਹੇ ਹਨ। ਉਨ੍ਹਾਂ ’ਤੇ ਇਕ ਤੋਂ ਬਾਅਦ ਇਕ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ। ਪਿਛਲੇ ਸਾਲ ਅਕਤੂਬਰ ਵਿਚ ਕੇਜਰੀਵਾਲ ’ਤੇ ਹਮਲਾ ਹੋਇਆ ਸੀ। ਜਾਂਚ ਤੋਂ ਪਤਾ ਲੱਗਾ ਕਿ ਹਮਲਾਵਰ ਭਾਜਪਾ ਵਰਕਰ ਸਨ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਕੇਜਰੀਵਾਲ ਨੂੰ ਸੁਰੱਖਿਆ ਬਹਾਲ ਕਰਨ ਦੀ ਮੰਗ ਕੀਤੀ ਹੈ। ਸਾਨੂੰ ਦਿੱਲੀ ਪੁਲਸ ’ਤੇ ਭਰੋਸਾ ਨਹੀਂ ਹੈ, ਕਿਉਂਕਿ ਇਹ ਅਮਿਤ ਸ਼ਾਹ ਦੇ ਕੰਟਰੋਲ ਹੇਠ ਹੈ।
ਮੇਰੀ ਸੁਰੱਖਿਆ ਹਟਾਉਣ ਦੇ ਪਿੱਛੇ ਸ਼ੁੱਧ ਸਿਆਸਤ : ਅਰਵਿੰਦ ਕੇਜਰੀਵਾਲ
ਓਧਰ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਸ ਦੇ ਜਵਾਨਾਂ ਨੂੰ ਵਾਪਸ ਸੱਦੇ ਜਾਣ ਤੋਂ ਇਕ ਦਿਨ ਬਾਅਦ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਇਸ ਨੂੰ ‘ਸ਼ੁੱਧ ਸਿਆਸਤ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੈਨੂੰ ਅਫ਼ਸੋਸ ਹੈ ਕਿ ਨਿੱਜੀ ਸੁਰੱਖਿਆ ਦਾ ਸਿਆਸੀਕਰਨ ਕੀਤਾ ਗਿਆ ਹੈ।