ਕੇਂਦਰ ਤੇ ਸੂਬਾ ਸਰਕਾਰ ''ਤੇ ਏਅਰ ਇੰਡੀਆ ਦਾ 498 ਕਰੋੜ ਰੁਪਏ ਦਾ ਬਕਾਇਆ : ਹਰਦੀਪ ਪੁਰੀ
Wednesday, Feb 10, 2021 - 05:05 PM (IST)
ਨਵੀਂ ਦਿੱਲੀ- ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਦੱਸਿਆ ਕਿ 31 ਦਸੰਬਰ 2020 ਤੱਕ ਵੱਖ-ਵੱਖ ਸੂਬਾ ਸਰਕਾਰਾਂ ਅਤੇ ਕੇਂਦਰ 'ਤੇ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦਾ 498.17 ਕਰੋੜ ਰੁਪਏ ਬਕਾਇਆ ਹੈ। ਪੁਰੀ ਨੇ ਇਕ ਸਵਾਲ ਦੇ ਲਿਖਤੀ ਜਵਾਬ 'ਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵੀ.ਵੀ.ਆਈ.ਪੀ. ਯਾਤਰਾ, ਰਾਹਤ ਮੁਹਿੰਮ ਆਦਿ ਕਾਰਨ ਕੇਂਦਰ ਅਤੇ ਸੂਬਾ ਸਰਕਾਰਾਂ 'ਤੇ ਕੁੱਲ 498.17 ਕਰੋੜ ਰੁਪਏ ਦਾ ਬਕਾਇਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੂੰ 2018-19 'ਚ 8.556.35 ਕਰੋੜ ਰੁਪਏ ਦਾ ਘਾਟਾ ਹੋਇਆ, ਜਦੋਂ ਕਿ 2019-20 'ਚ 7,982.83 ਕਰੋੜ ਰੁਪਏ ਦਾ ਨੁਕਸਾਨ ਹੋਇਆ।
ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ 'ਚ ਆਈ ਕਮੀ
ਉੱਥੇ ਹੀ ਹਰਦੀਪ ਸਿੰਘ ਪੁਰੀ ਨੇ ਲਿਖਤੀ ਉੱਤਰ 'ਚ ਦੱਸਿਆ ਕਿ ਪਿਛਲੇ ਸਾਲ ਮਾਰਚ ਤੋਂ ਦਸੰਬਰ ਦੌਰਾਨ ਭਾਰਤ ਆਏ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ 'ਚ 2019 ਦੀ ਸਮਾਨ ਮਿਆਦ ਦੀ ਤੁਲਨਾ 'ਚ 90.56 ਫੀਸਦੀ ਦੀ ਕਮੀ ਆਈ ਅਤੇ ਇਸ ਦਾ ਕਾਰਨ ਕੋਵਿਡ-19 ਮਹਾਮਾਰੀ ਸੀ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਸਾਲ 2020 'ਚ ਮਾਰਚ ਤੋਂ ਦਸੰਬਰ ਮਹੀਨੇ ਦੌਰਾਨ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ 18.55 ਲੱਖ ਰਹਿ ਗਈ। ਦੱਸਣਯੋਗ ਹੈ ਕਿ ਕੋਵਿਡ-19 ਮਹਾਮਾਰੀ ਕਾਰਨ 23 ਮਾਰਚ 2020 ਤੋਂ ਅੰਤਰਰਾਸ਼ਟਰੀ ਯਾਤਰੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ ਸੀ। ਜੁਲਾਈ 2020 ਤੋਂ ਵੱਖ-ਵੱਖ ਦੇਸ਼ਾਂ ਨਾਲ ਕੀਤੇ ਗਏ 'ਏਅਰ ਬਬਲ' ਸਮਝੌਤਿਆਂ ਅਧੀਨ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਸੰਚਾਲਤ ਕੀਤੀਆਂ ਗਈਆਂ।