ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੀ ਚਿਤਾਵਨੀ, ਪੈਸੇ ਦੀ ਤਾਕਤ, ‘ਮੁਫਤ ਦੀਆਂ ਚੀਜ਼ਾਂ’ ਸਾਡੇ ਰਾਡਾਰ ’ਤੇ

Friday, Oct 06, 2023 - 01:17 PM (IST)

ਹੈਦਰਾਬਾਦ, (ਭਾਸ਼ਾ)- ਮੁੱਖ ਚੋਣ ਕਮਿਸ਼ਨਰ (ਸੀ. ਈ. ਸੀ.) ਰਾਜੀਵ ਕੁਮਾਰ ਨੇ ਵੀਰਵਾਰ ਨੂੰ ਕਿਹਾ ਕਿ ਚੋਣ ਕਮਿਸ਼ਨ ਆਜ਼ਾਦ, ਨਿਰਪੱਖ, ਪਾਰਦਰਸ਼ੀ ਤੇ ਲਾਲਚ ਰਹਿਤ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸੀ. ਈ. ਸੀ. ਦੀ ਅਗਵਾਈ ’ਚ 17 ਮੈਂਬਰੀ ਟੀਮ ਤੇਲੰਗਾਨਾ ਵਿਚ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹੈਦਰਾਬਾਦ ਵਿਚ ਹੈ।

ਇਸ ਦੌਰਾਨ ਰਾਜੀਵ ਕੁਮਾਰ ਨੇ ਸਿਆਸੀ ਪਾਰਟੀਆਂ, ਰਾਜ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਅਤੇ ਇਨਫੋਰਸਮੈਂਟ ਏਜੰਸੀਆਂ ਵਰਗੇ ਵੱਖ-ਵੱਖ ਪਾਰਟੀਆਂ ਨਾਲ ਮੀਟਿੰਗਾਂ ਕੀਤੀਆਂ। ਪਿਛਲੇ 3 ਦਿਨਾਂ ’ਚ ਚੋਣ ਕਮਿਸ਼ਨਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਪੱਤਰਕਾਰਾਂ ਨੂੰ ਦਿੰਦੇ ਹੋਏ ਰਾਜੀਵ ਕੁਮਾਰ ਨੇ ਕਿਹਾ ਕਿ ਇਨਫੋਰਸਮੈਂਟ ਏਜੰਸੀਆਂ ਨੂੰ ਚੋਣਾਂ ਦੌਰਾਨ ਪੈਸੇ ਦੀ ਤਾਕਤ ਦੀ ਵਰਤੋਂ ਖਿਲਾਫ ਸਖਤ ਕਾਰਵਾਈ ਕਰਨ ਦਾ ਸਪਸ਼ਟ ਸੰਦੇਸ਼ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਪੈਸੇ ਦੀ ਤਾਕਤ, ਮੁਫਤ ਦੀਆਂ ਚੀਜ਼ਾਂ ਖਾਸ ਤੌਰ ’ਤੇ ਸਾਡੇ ਰਾਡਾਰ ’ਤੇ ਹੋਣਗੀਆਂ। ਜੇਕਰ ਉਹ (ਇਨਫੋਰਸਮੈਂਟ ਏਜੰਸੀਆਂ) ਕਾਰਵਾਈ ਨਹੀਂ ਕਰਦੇ ਹਨ ਤਾਂ ਅਸੀਂ ਕਾਰਵਾਈ ਯਕੀਨੀ ਬਣਾਵਾਂਗੇ। ਸਮਾਂ ਨੇੜੇ ਆਉਣ ’ਤੇ ਅਸੀਂ ਮੁਲਾਂਕਣ ਅਤੇ ਇਹ ਯਕੀਨੀ ਬਣਾਵਾਂਗੇ ਕਿ ਉਹ ਇਨ੍ਹਾਂ ਸਾਰੀਆਂ ਚੀਜ਼ਾਂ ’ਤੇ ਕਾਰਵਾਈ ਕਰਨ।

ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਬੈਂਕਾਂ ਨੂੰ ਇਸ ਸਬੰਧੀ ਆਨਲਾਈਨ ਪੈਸਿਆਂ ਦੇ ਲੈਣ-ਦੇਣ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਕੁਮਾਰ ਨੇ ਕਿਹਾ ਕਿ ਸਿਆਈ ਪਾਰਟੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਤੇਲੰਗਾਨਾ ਵਿਚ ਚੋਣਾਂ ਲਾਲਚ ਤੋਂ ਮੁਕਤ ਹੋਣ। ਉਨ੍ਹਾਂ ਕਿਹਾ ਕਿ ਤੇਲੰਗਾਨਾ ਵਿਚ ਕੁੱਲ ਵੋਟਰਾਂ ਦੀ ਗਿਣਤੀ 3.17 ਕਰੋੜ ਹੈ ਜਿਸ ਵਿਚ ਮਰਦ ਅਤੇ ਮਹਿਲਾ ਵੋਟਰਾਂ ਦੀ ਗਿਣਤੀ ਬਰਾਬਰ ਹੈ।

ਸੀ. ਈ. ਸੀ. ਨੇ ਕਿਹਾ ਕਿ ਤੇਲੰਗਾਨਾ ਵਿਚ ਪਹਿਲੀ ਵਾਰ 80 ਸਾਲ ਤੋਂ ਵੱਧ ਉਮਰ ਦੇ ਸਾਰੇ ਸੀਨੀਅਰ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਵੋਟ ਪਾਉਣ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।


Rakesh

Content Editor

Related News