CBI ਦੇ ਸਾਬਕਾ ਡਾਇਰੈਕਟਰ ਵਿਜੇ ਸ਼ੰਕਰ ਦਾ ਦਿਹਾਂਤ, AIIMS ਨੂੰ ਅੰਗ ਦਾਨ ਕਰੇਗਾ ਪਰਿਵਾਰ

Tuesday, Dec 03, 2024 - 12:11 PM (IST)

CBI ਦੇ ਸਾਬਕਾ ਡਾਇਰੈਕਟਰ ਵਿਜੇ ਸ਼ੰਕਰ ਦਾ ਦਿਹਾਂਤ, AIIMS ਨੂੰ ਅੰਗ ਦਾਨ ਕਰੇਗਾ ਪਰਿਵਾਰ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਸਾਬਕਾ ਡਾਇਰੈਕਟਰ ਵਿਜੇ ਸ਼ੰਕਰ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਭਾਰਤੀ ਪੁਲਸ ਸੇਵਾ (ਆਈਪੀਐੱਸ) ਦੇ ਸੇਵਾਮੁਕਤ ਅਧਿਕਾਰੀ ਸ਼ੰਕਰ (76) ਲੰਬੇ ਸਮੇਂ ਤੋਂ ਬੀਮਾਰ ਸਨ। ਸ਼ੰਕਰ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਨੋਇਡਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਨੂੰ ਦਾਨ ਕੀਤੀ ਜਾਵੇਗੀ। ਉੱਤਰ ਪ੍ਰਦੇਸ਼ ਕੇਡਰ ਦੇ 1969 ਬੈਚ ਦੇ ਆਈਪੀਐੱਸ ਅਧਿਕਾਰੀ ਸ਼ੰਕਰ ਨੇ 12 ਦਸੰਬਰ 2005 ਤੋਂ 31 ਜੁਲਾਈ 2008 ਤੱਕ ਸੀਬੀਆਈ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਈ। ਸੀਬੀਆਈ ਡਾਇਰੈਕਟਰ ਵਜੋਂ ਆਪਣੇ ਕਾਰਜਕਾਲ ਦੌਰਾਨ, ਏਜੰਸੀ ਨੇ ਬਦਨਾਮ ਆਰੂਸ਼ੀ-ਹੇਮਰਾਜ ਦੋਹਰੇ ਕਤਲ ਕੇਸ ਦੀ ਜਾਂਚ ਕੀਤੀ। ਜਦੋਂ ਉਹ ਸੀਬੀਆਈ ਦੇ ਐਡੀਸ਼ਨਲ ਡਾਇਰੈਕਟਰ ਸਨ ਤਾਂ ਉਨ੍ਹਾਂ ਦੀ ਨਿਗਰਾਨੀ ਹੇਠ ਗੈਂਗਸਟਰ ਅਬੂ ਸਲੇਮ ਅਤੇ ਅਦਾਕਾਰਾ ਮੋਨਿਕਾ ਬੇਦੀ ਨੂੰ ਪੁਰਤਗਾਲ ਤੋਂ ਸਪੁਰਦ ਕੀਤਾ ਗਿਆ ਸੀ।

ਉਨ੍ਹਾਂ ਤੇਲਗੀ ਘਪਲੇ (ਸਟੈਂਪ ਪੇਪਰ ਘਪਲੇ) ਦੀ ਜਾਂਚ ਦੀ ਨਿਗਰਾਨੀ ਕੀਤੀ ਸੀ। ਸੀਬੀਆਈ ਡਾਇਰੈਕਟਰ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ, ਸ਼ੰਕਰ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ, ਅਤੇ ਸਿਵਲ ਡਿਫੈਂਸ ਅਤੇ ਹੋਮ ਗਾਰਡ ਦੇ ਮੁਖੀ ਵੀ ਰਹੇ। ਉਨ੍ਹਾਂ ਨੇ ਸੀਮਾ ਸੁਰੱਖਿਆ ਬਲ (BSF) 'ਚ ਇੰਸਪੈਕਟਰ ਜਨਰਲ ਵਜੋਂ ਵੀ ਕੰਮ ਕੀਤਾ। ਸ਼ੰਕਰ ਉੱਥੇ 1990 ਦੇ ਦਹਾਕੇ 'ਚ ਤਾਇਨਾਤ ਸਨ ਜਦੋਂ ਜੰਮੂ-ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਆਪਣੇ ਸਿਖਰ 'ਤੇ ਸਨ। ਆਪਣੀ ਸ਼ਾਨਦਾਰ ਸੇਵਾ ਲਈ ਵੱਕਾਰੀ ਰਾਸ਼ਟਰਪਤੀ ਪੁਲਸ ਮੈਡਲ ਪ੍ਰਾਪਤ ਕਰਨ ਵਾਲੇ ਸ਼ੰਕਰ ਨੇ ਉੱਤਰ ਪ੍ਰਦੇਸ਼ ਪੁਲਸ ਅਤੇ ਵਿਦੇਸ਼ ਮੰਤਰਾਲਾ ਦੇ ਅਧੀਨ ਮਾਸਕੋ 'ਚ ਵੀ ਸੇਵਾ ਕੀਤੀ। ਸੀਬੀਆਈ ਦੇ ਸਾਬਕਾ ਡਾਇਰੈਕਟਰ ਅਨਿਲ ਸਿਨਹਾ ਨੇ ਸ਼ੰਕਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ,''ਇਹ ਦੁਖਦ ਅਤੇ ਮੰਦਭਾਗਾ ਹੈ। ਅਸੀਂ ਇਕ ਅਨੁਭਵੀ ਸ਼ਖਸੀਅਤ ਨੂੰ ਗੁਆ ਦਿੱਤਾ ਹੈ। ਉਹ ਇਕ ਇਮਾਨਦਾਰ ਅਤੇ ਦਲੇਰ ਅਫਸਰ ਸੀ ਜਿਸ ਨੂੰ ਅਸੀਂ ਉਨ੍ਹਾਂ ਤਿੱਖੇ ਦਿਮਾਗ ਅਤੇ ਸਿਧਾਂਤਕ ਆਚਰਣ ਲਈ ਜਾਣਦੇ ਸੀ। ਅਸੀਂ ਉਨ੍ਹਾਂ ਦੇ ਦੁਖਦਾਈ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News