ਨਾਗਾਲੈਂਡ ਅਤੇ ਮਣੀਪੁਰ ਦੇ ਸਾਬਕਾ ਰਾਜਪਾਲ ਅਸ਼ਵਨੀ ਕੁਮਾਰ ਨੇ ਕੀਤੀ ਖੁਦਕੁਸ਼ੀ
Wednesday, Oct 07, 2020 - 09:13 PM (IST)
ਸ਼ਿਮਲਾ (ਕੁਲਦੀਪ)- ਨਾਗਾਲੈਂਡ ਅਤੇ ਮਣੀਪੁਰ ਦੇ ਸਾਬਕਾ ਰਾਜਪਾਲ ਅਤੇ ਸਾਲ 1973 ਬੈਚ ਦੇ ਰਿਟਾਇਰਡ ਆਈ.ਪੀ.ਐੱਸ. ਅਧਿਕਾਰੀ ਡਾ. ਅਸ਼ਵਨੀ ਕੁਮਾਰ ਨੇ ਬੁੱਧਵਾਰ ਨੂੰ ਸ਼ਿਮਲਾ ਦੇ ਬ੍ਰਾਕਹਾਸਟ ਸਥਿਤ ਆਪਣੀ ਰਿਹਾਇਸ਼ ਵਿਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਮੁਤਾਬਕ ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਘਰ 'ਚ ਲਟਕੀ ਮਿਲੀ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੋਹਿਤ ਚਾਵਲਾ ਦੀ ਅਗਵਾਈ ਵਾਲੀ ਪੁਲਸ ਪਾਰਟੀ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਘਟਨਾ ਵਾਲੀ ਥਾਂ ਤੋਂ ਇਕ ਸੁਸਾਇਡ ਨੋਟ ਵੀ ਮਿਲਿਆ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਮੈਂ ਜ਼ਿੰਦਗੀ ਤੋਂ ਤੰਗ ਆ ਕੇ ਅਗਲੀ ਯਾਤਰਾ 'ਤੇ ਨਿਕਲ ਰਿਹਾ ਹਾਂ। 70 ਸਾਲਾ ਡਾ. ਅਸ਼ਵਨੀ ਕੁਮਾਰ ਦਾ ਜਨਮ ਸਿਰਮੌਰ ਜ਼ਿਲਾ ਦੇ ਨਾਹਨ ਵਿਚ ਹੋਇਆ ਸੀ। ਉਨ੍ਹਾਂ ਨੇ ਪ੍ਰਦੇਸ਼ ਵਿਚ ਡੀ.ਜੀ.ਪੀ. ਤੋਂ ਲੈ ਕੇ ਵੱਖ-ਵੱਖ ਅਹੁਦਿਆਂ 'ਤੇ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਉਹ ਸੀ.ਬੀ.ਆਈ. ਦੇ ਡਾਇਰੈਕਟਰ ਵੀ ਰਹੇ ਅਤੇ ਸ਼ਿਮਲਾ ਸਥਿਤ ਨਿੱਜੀ ਯੂਨੀਵਰਸਿਟੀ ਏ.ਪੀ.ਜੀ. ਵਿਚ ਚਾਂਸਲਰ ਅਹੁਦੇ ਦੀ ਕੁਰਸੀ ਵੀ ਸੰਭਾਲੀ। ਉਹ ਅਗਸਤ 2008 ਤੋਂ ਨਵੰਬਰ 2010 ਤੱਕ ਸੀ.ਬੀ.ਆਈ. ਦਸੰਬਰ 2013 ਤੱਕ ਮਣੀਪੁਰ ਦੇ ਰਾਜਪਾਲ ਰਹੇ। ਪੁਲਸ ਅਧਿਕਾਰੀ ਮੋਹਿਤ ਚਾਵਲਾ ਦਾ ਕਹਿਣਾ ਹੈ ਕਿ ਅਜੇ ਤੱਕ ਖੁਦਕੁਸ਼ੀ ਦੇ ਕਾਰਣਾਂ ਦਾ ਪਤਾ ਨਹੀਂ ਲੱਗਾ ਹੈ ਅਤੇ ਪੁਲਸ ਨੂੰ ਮੌਕੇ ਤੋਂ ਇਕ ਸੁਸਾਇਡ ਨੋਟ ਵੀ ਮਿਲਿਆ ਹੈ। ਸੂਤਰਾਂ ਮੁਤਾਬਕ ਫਾਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ, ਤਾਂ ਜੋ ਸਾਰੇ ਪਹਿਲੂਆਂ ਦੀ ਪੜਤਾਲ ਕੀਤੀ ਜਾ ਸਕੇ। ਅਜਿਹੇ ਵਿਚ ਲਾਸ਼ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕਿਸੇ ਤੱਥ 'ਤੇ ਪਹੁੰਚਿਆ ਜਾ ਸਕੇਗਾ।
Former Governor of Manipur and Nagaland, and Ex-CBI Director Ashwani Kumar found hanging at his residence in Shimla: Mohit Chawla, SP Shimla. #HimachalPradesh
— ANI (@ANI) October 7, 2020
ਇਨ੍ਹਾਂ ਪਹਿਲੂਆਂ ਨੂੰ ਲੈ ਕੇ ਵੀ ਕੀਤੀ ਜਾ ਰਹੀ ਪੜਤਾਲ
ਪੁਲਸ ਮੁਤਾਬਕ ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਲੱਗਦਾ ਹੈ, ਫਿਰ ਵੀ ਸਾਰੇ ਪਹਿਲੂਆਂ ਨੂੰ ਦੇਖ ਕੇ ਪੜਤਾਲ ਕੀਤੀ ਜਾ ਰਹੀ ਹੈ। ਅਜਿਹਾ ਵਿਅਕਤੀ ਜੋ ਪ੍ਰਦੇਸ਼ ਵਿਚ ਡੀ.ਜੀ.ਪੀ. ਅਤੇ ਸੀ.ਬੀ.ਆਈ. ਦੇ ਡਾਇਰੈਕਟਰ ਅਹੁਦੇ 'ਤੇ ਰਿਹਾ ਹੋਵੇ, ਉਸ ਦੇ ਖੁਦਕੁਸ਼ੀ ਕਰਨ ਦੀ ਗੱਲ ਸਮਝ ਤੋਂ ਪਰੇ ਹੈ। ਅਜਿਹੇ ਵਿਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕਿਤੇ ਉਨ੍ਹਾਂ ਦੀ ਹੱਤਿਆ ਤਾਂ ਨਹੀਂ ਕੀਤੀ ਗਈ ਹੈ।
ਫਰਜ਼ੀ ਡਿਗਰੀ ਕੇਸ ਵੀ ਇਕ ਪਹਿਲੂ
ਡਾ. ਅਸ਼ਵਨੀ ਕੁਮਾਰ ਰਾਜਪਾਲ ਦਾ ਅਹੁਦਾ ਛੱਡਣ ਤੋਂ ਬਾਅਦ ਜਿਸ ਨਿੱਜੀ ਯੂਨੀਵਰਸਿਟੀ ਦੇ ਚਾਂਸਲਰ ਰਹੇ ਹਨ, ਉਸ ਦੀ ਸੀ.ਆਈ.ਡੀ. ਵਲੋਂ ਫਰਜ਼ੀ ਡਿਗਰੀ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਡਾ. ਅਸ਼ਵਨੀ ਕੁਮਾਰ ਨੂੰ ਕਦੇ ਵੀ ਇਸ ਮਾਮਲੇ ਨਾਲ ਜੋੜ ਕੇ ਨਹੀਂ ਦੇਖਿਆ ਗਿਆ ਹੈ।
ਮੁੱਖ ਮੰਤਰੀ ਨੇ ਸ਼ੋਕ ਜਤਾਇਆ
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸਾਬਕਾ ਰਾਜਪਾਲ ਡਾ. ਅਸ਼ਵਨੀ ਕੁਮਾਰ ਦੇ ਦਿਹਾਂਤ 'ਤੇ ਸ਼ੋਕ ਜਤਾਇਆ ਹੈ। ਉਨ੍ਹਾਂ ਨੇ ਸਵਰਗੀ ਆਤਮਾ ਦੀ ਸ਼ਾਂਤੀ ਅਤੇ ਸ਼ੋਕ ਵਿਚ ਡੁੱਬੇ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਜ਼ਾਹਿਰ ਕੀਤੀ ਹੈ।