ਭਾਰਤ ’ਚ ਮਾਮਲੇ ਵਧਣ ਦਾ ਕਾਰਣ ਜਾਂਚ ’ਚ ਤੇਜ਼ੀ ਨਹੀਂ : ਡਬਲਯੂ. ਐੱਚ. ਓ.
Tuesday, Jun 23, 2020 - 10:47 PM (IST)
ਨਵੀਂ ਦਿੱਲੀ– ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਭਾਰਤ ਅਤੇ ਕੁਝ ਹੋਰ ਦੇਸ਼ਾਂ ਨੇ ਕੋਵਿਡ-19 ਦੀ ਜਾਂਚ ਤੇਜ਼ ਕਰ ਦਿੱਤੀ ਹੈ ਪਰ ਇਸ ਨੂੰ ਉਨ੍ਹਾਂ ਦੇਸ਼ਾਂ ’ਚ ਨਵੇਂ ਮਾਮਲਿਆਂ ਦੀ ਗਿਣਤੀ ਵਧਣ ਦਾ ਕਾਰਣ ਨਹੀਂ ਮੰਨਿਆ ਜਾ ਸਕਦਾ। ਡਬਲਯੂ. ਐੱਚ. ਓ. ਦੇ ਸਿਹਤ ਆਫਤ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਡਾ. ਮਾਈਕਲ ਰੇਆਨ ਨੇ ਕੋਵਿਡ-19 ’ਤੇ ਰੈਗੁਲਰ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਨਿਸ਼ਚਿਤ ਰੂਪ ਨਾਲ ਭਾਰਤ ਵਰਗੇ ਦੇਸ਼ ਵੱਧ ਜਾਂਚ ਕਰ ਰਹੇ ਹਨ ਪਰ ਸਾਨੂੰ ਨਹੀਂ ਲਗਦਾ ਕਿ ਜਾਂਚ ਵਧਾਉਣ ਕਾਰਣ ਮਾਮਲੇ ਵੱਧ ਰਹੇ ਹਨ।
ਨਵੇਂ ਮਾਮਲਿਆਂ ਦੀ ਵੱਧਦੀ ਗਿਣਤੀ ਦਾ ਕੁਝ ਹਿੱਸਾ ਜਾਂਚ ’ਚ ਤੇਜ਼ੀ ਦਾ ਕਾਰਣ ਹੋ ਸਕਦਾ ਹੈ। ਕਈ ਦੇਸ਼ਾਂ ਨੇ ਜਾਂਚ ਦੀ ਰਫਤਾਰ ਵਧਾਈ ਹੈ ਪਰ ਨਾਲ ਹੀ ਹਸਪਤਾਲਾਂ ’ਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ, ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ। ਇਨ੍ਹਾਂ ਸਭ ਦਾ ਕਾਰਣ ਜਾਂਚ ’ਚ ਤੇਜ਼ੀ ਨਹੀਂ ਹੈ। ਡਬਲਯੂ. ਐੱਚ. ਓ. ਨੂੰ ਐਤਵਾਰ ਨੂੰ ਰਿਕਾਰਡ 1,83,000 ਨਵੇਂ ਮਾਮਲਿਆਂ ਦੀ ਰਿਪੋਰਟ ਮਿਲੀ। ਹੁਣ ਤੱਕ 4.65 ਲੱਖ ਤੋਂ ਜ਼ਿਆਦਾ ਲੋਕਾਂ ਦੀ ਇਸ ਮਹਾਮਾਰੀ ਦੇ ਕਾਰਨ ਮੌਤ ਹੋ ਚੁੱਕੀ ਹੈ ਪਾਜ਼ੇਟਿਵ ਦੀ ਕੁੱਲ ਗਿਣਤੀ 90 ਲੱਖ ਤੋਂ ਪਾਰ ਪਹੁੰਚ ਚੁੱਕੀ ਹੈ।