ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਅਤੇ ਊਨਾ ਜ਼ਿਲ੍ਹਿਆਂ ''ਚ ਵਾਇਰਲ ਬੁਖ਼ਾਰ ਦੇ ਮਾਮਲੇ ਵਧੇ
Friday, Mar 24, 2023 - 11:16 AM (IST)
ਹਮੀਰਪੁਰ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਅਤੇ ਊਨਾ ਜ਼ਿਲ੍ਹਿਆਂ 'ਚ ਵਾਇਰਲ ਬੁਖ਼ਾਰ ਦੇ ਮਾਮਲੇ ਵੱਧ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਦਿਨ ਅਤੇ ਰਾਤ ਦੇ ਤਾਪਮਾਨ 'ਚ ਅੰਤਰ ਇਸ ਲਈ ਜ਼ਿੰਮੇਵਾਰ ਹੈ। ਸਿਹਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਲੋਕ, ਖ਼ਾਸ ਕਰ ਕੇ ਬੱਚੇ, ਬੁਖ਼ਾਰ, ਉਲਟੀ, ਦਸਤ, ਖੰਘ, ਜ਼ੁਕਾਮ, ਗਲ਼ੇ 'ਚ ਖਰਾਸ਼, ਸਰੀਰ 'ਚ ਦਰਦ, ਸਿਰਦਰਦ ਅਤੇ ਸਰੀਰ 'ਚ ਅਕੜਨ ਦੀ ਸ਼ਿਕਾਇਤ ਲੈ ਕੇ ਹਸਪਤਾਲ ਆ ਰਹੇ ਹਨ।
ਬੁਲਾਰੇ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਸ਼ਿਕਾਇਤ ਨੂੰ ਲੈ ਕੇ ਤਕਰੀਬਨ 50 ਲੋਕ ਹਰ ਰੋਜ਼ ਊਨਾ ਖੇਤਰੀ ਹਸਪਤਾਲ ਪਹੁੰਚ ਰਹੇ ਹਨ। ਊਨਾ ਦੇ ਖੇਤਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ 'ਚ ਮੌਸਮ ਤਬਦੀਲੀ ਕਾਰਨ ਵਾਇਰਲ ਬੁਖ਼ਾਰ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ,''ਲੋਕਾਂ ਨੂੰ ਸਵੇਰੇ ਅਤੇ ਸ਼ਾਮ 'ਚ ਗਰਮ ਕੱਪੜੇ ਪਹਿਨਣੇ ਚਾਹੀਦੇ ਅਤੇ ਬੱਚਿਆਂ ਨੂੰ ਠੰਡੀ ਹਵਾ ਤੋਂ ਬਚਣਾ ਚਾਹੀਦਾ।'' ਹਮੀਰਪੁਰ ਦੇ ਡਾ. ਰਾਧਾਕ੍ਰਿਸ਼ਨਨ ਮੈਡੀਕਲ ਕਾਲਜ 'ਚ ਬੁਖ਼ਾਰ, ਉਲਟੀ ਅਤੇ ਦਸਤ ਦੀ ਸ਼ਿਕਾਇਤ ਲੈ ਕੇ ਆਉਣ ਵਾਲੇ ਮਰੀਜ਼ਾਂ ਦੀ ਲਾਈਨ ਓ.ਪੀ.ਡੀ. ਦੇ ਬਾਹਰ ਦੇਖੀ ਜਾ ਸਕਦੀ ਹੈ।