ਕੈਨੇਡਾ ਹੋਇਆ ਨਰਮ, ਮੋਦੀ ਹੋਏ ਸਖ਼ਤ
Thursday, Oct 24, 2024 - 11:50 PM (IST)
ਨੈਸ਼ਨਲ ਡੈਸਕ- ਇਕ ਪਾਸੇ ਜਿਥੇ ਪੀ. ਐੱਮ. ਮੋਦੀ ਅਮਰੀਕੀ ਧਰਤੀ ’ਤੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਵਿਚ ਭਾਰਤੀਆਂ ਦੇ ਸ਼ਾਮਲ ਹੋਣ ਦੇ ਦੋਸ਼ਾਂ ’ਤੇ ਅਮਰੀਕਾ ਨੂੰ ਖੁਸ਼ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਤਾਂ ਉਥੇ ਉਨ੍ਹਾਂ ਨੇ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਵਿਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ਾਂ ’ਤੇ ਕੈਨੇਡਾ ਖਿਲਾਫ ਆਪਣਾ ਰੁਖ਼ ਸਖ਼ਤ ਕਰ ਦਿੱਤਾ ਹੈ।
ਕੈਨੇਡਾ ਦੇ ਪੀ. ਐੱਮ. ਵੱਲੋਂ ਭਾਰਤ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਅਤੇ ਹੱਤਿਆ ਦੇ ਮਾਮਲੇ ਵਿਚ ਭਾਰਤੀ ਸਰਕਾਰੀ ਅਧਿਕਾਰੀਆਂ ਦਾ ਨਾਂ ਲੈਣ ਕਾਰਨ ਮੋਦੀ ਬੇਹੱਦ ਨਾਰਾਜ਼ ਦੱਸੇ ਜਾ ਰਹੇ ਹਨ। ਵੈਸੇ ਤਾਂ ਭਾਰਤ 1985 ਦੇ ਕਨਿਸ਼ਕ ਬੰਬ ਧਮਾਕੇ ਤੋਂ ਬਾਅਦ ਤੋਂ ਹੀ ਕੈਨੇਡਾ ਪ੍ਰਤੀ ਨਰਮ ਰਿਹਾ ਹੈ ਪਰ ਇਸ ਵਾਰ ਮੋਦੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦਾ ਫੈਸਲਾ ਕੀਤਾ ਹੈ। ਕੈਨੇਡਾ ਵੀ ਕੁਝ ਹੱਦ ਤੱਕ ਅਲੱਗ-ਥਲੱਗ ਹੈ, ਹਾਲਾਂਕਿ ਅਮਰੀਕਾ, ਬ੍ਰਿਟੇਨ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਰਗੇ ਦੇਸ਼ ਸਾਰੇ ਸੰਵੇਦਨਸ਼ੀਲ ਮੁੱਦਿਆਂ ’ਤੇ ਉਸ ਦੇ ਨਾਲ ਸਾਰੀਆਂ ਖੁਫੀਆ ਜਾਣਕਾਰੀ ਸਾਂਝੀਆਂ ਕਰਦੇ ਹਨ। ਪਰ ਕੈਨੇਡਾ ਦੇ ਪੀ. ਐੱਮ. ਨੇ ਹੱਦ ਪਾਰ ਕਰ ਦਿੱਤੀ ਜਦੋਂ ਉਨ੍ਹਾਂ ਨੇ ‘ਭਾਰਤ ਸਰਕਾਰ’ ਖਿਲਾਫ ਸਿਰਫ ‘ਖੁਫੀਆ ਇਨਪੁੱਟ’ ਦੇ ਆਧਾਰ ’ਤੇ ਦੋਸ਼ ਲਗਾਏ, ਨਾ ਕਿ ਠੋਸ ਸਬੂਤਾਂ ਦੇ ਆਧਾਰ ’ਤੇ।
ਇਥੋਂ ਤੱਕ ਕਿ ਅਮਰੀਕਾ ਨੇ ਵੀ ਭਾਰਤ ਵਿਚ ਨਿਯੁਕਤ ਆਪਣੇ ਰਾਜਦੂਤ ਰਾਹੀਂ ਕਾਰਵਾਈ ’ਤੇ ਤਸੱਲੀ ਪ੍ਰਗਟ ਕਰਨ ਦੇ ਸੰਕੇਤ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਨੇ ਕੁਝ ਸਖ਼ਤ ਕਾਰਵਾਈ ਕੀਤੀ ਹੈ। ਕੈਨੇਡਾ ਜਾਣਦਾ ਹੈ ਕਿ ਉਸ ਦੀ ਧਰਤੀ ’ਤੇ ਰਹਿਣ ਵਾਲੇ 30 ਲੱਖ ਭਾਰਤੀ ਪ੍ਰਵਾਸੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਆਫ ਕੈਨੇਡਾ ਨਾਲ ਸਬੰਧਤ ਨਹੀਂ ਹਨ। ਮੋਦੀ ਨੇ ਇਸ ਪ੍ਰਵਾਸੀ ਭਾਈਚਾਰੇ ਵਿਚ ਡੂੰਘੀ ਪਹੁੰਚ ਬਣਾ ਲਈ ਹੈ। ਹੁਣ ਕੈਨੇਡਾ ਸਰਕਾਰ ਦੋਸਤੀ ਵਾਲੇ ਪ੍ਰਸਤਾਵ ਭੇਜ ਰਹੀ ਹੈ ਕਿਉਂਕਿ ਕੈਨੇਡਾ ਦੀਆਂ ਯੂਨੀਵਰਸਿਟੀਆਂ ਨੂੰ ਭਾਰਤੀ ਵਿਦਿਆਰਥੀਆਂ ਤੋਂ ਬਿਨਾਂ ਆਰਥਿਕ ਤੌਰ ’ਤੇ ਬਣੇ ਰਹਿਣਾ ਮੁਸ਼ਕਲ ਲੱਗ ਰਿਹਾ ਹੈ। ਕੈਨੇਡਾ ਸਰਕਾਰ ਦੇਸ਼ ਵਿਚ ਬੇਰੁਜ਼ਗਾਰੀ ਅਤੇ ਮੁੱਲ ਵਾਧੇ ਕਾਰਨ ਵੱਡੇ ਪੈਮਾਨੇ ’ਤੇ ਅਸ਼ਾਂਤੀ ਦਾ ਸਾਹਮਣਾ ਕਰ ਰਹੀ ਹੈ।
ਇਹ ਵੀ ਸਾਹਮਣੇ ਆਇਆ ਹੈ ਕਿ ਭਾਰਤ ਸਰਕਾਰ ਨੇ ਨਵੀਂ ਦਿੱਲੀ ਸਥਿਤ ਚਾਣਕਿਆਪੁਰੀ ਵਿਚ ਕੈਨੇਡਾ ਦੇ ਦੂਤਘਰ ਨੂੰ ਦਿੱਤੀ ਗਈ ਸੁਰੱਖਿਆ ਹਟਾ ਲਈ ਹੈ ਅਤੇ ਆਪਣੇ ਤੌਰ ’ਤੇ ਪ੍ਰਾਈਵੇਟ ਸੁਰੱਖਿਆ ਮੁਲਾਜ਼ਮਾਂ ਨੂੰ ਰੱਖਣ ਲਈ ਕਿਹਾ ਹੈ।