ਕੈਬ ਬੁੱਕ ਕਰ ਕੇ ਡਰਾਈਵਰ ਦੇ ਹੀ ਪੈਸੇ ਖਾਂਦੀ ਰਹੀ ਜਨਾਨੀ ! ਜਦੋਂ ਮੰਗਿਆ ਕਿਰਾਇਆ ਤਾਂ...
Wednesday, Jan 07, 2026 - 12:35 PM (IST)
ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ 'ਚ ਇਕ ਮਹਿਲਾ ਵੱਲੋਂ ਕੈਬ ਚਾਲਕ ਨਾਲ ਧੋਖਾਧੜੀ ਕਰਨ ਅਤੇ ਉਸ ਨੂੰ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਅਨੁਸਾਰ, ਨੂਹ ਜ਼ਿਲ੍ਹੇ ਦੇ ਪਿੰਡ ਧਾਨਾ ਦੇ ਰਹਿਣ ਵਾਲੇ ਕੈਬ ਚਾਲਕ ਜਿਆਉਦੀਨ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਜੋਤੀ ਦਲਾਲ ਨਾਮੀ ਮਹਿਲਾ ਨੇ ਮੰਗਲਵਾਰ ਸਵੇਰੇ 8 ਵਜੇ ਉਸ ਦੀ ਕੈਬ ਬੁੱਕ ਕੀਤੀ ਸੀ।
ਸਾਰਾ ਦਿਨ ਘੁੰਮਦੀ ਰਹੀ ਅਤੇ ਡਰਾਈਵਰ ਦੇ ਪੈਸਿਆਂ 'ਤੇ ਹੀ ਕੀਤੀ ਐਸ਼
ਸ਼ਿਕਾਇਤਕਰਤਾ ਅਨੁਸਾਰ, ਮਹਿਲਾ ਨੇ ਉਸ ਨੂੰ ਪਹਿਲਾਂ ਸੈਕਟਰ 31, ਫਿਰ ਬੱਸ ਸਟੈਂਡ ਅਤੇ ਉਸ ਤੋਂ ਬਾਅਦ ਸਾਈਬਰ ਸਿਟੀ ਜਾਣ ਲਈ ਕਿਹਾ। ਜਿਆਉਦੀਨ ਨੇ ਦੋਸ਼ ਲਾਇਆ ਕਿ ਮਹਿਲਾ ਨੇ ਉਸ ਤੋਂ 700 ਰੁਪਏ ਉਧਾਰ ਵੀ ਲਏ ਅਤੇ ਵੱਖ-ਵੱਖ ਥਾਵਾਂ 'ਤੇ ਖਾਣ-ਪੀਣ ਦਾ ਭੁਗਤਾਨ ਵੀ ਡਰਾਈਵਰ ਤੋਂ ਹੀ ਕਰਵਾਇਆ। ਦੁਪਹਿਰ ਵੇਲੇ ਜਦੋਂ ਡਰਾਈਵਰ ਨੇ ਕਿਰਾਇਆ ਮੰਗਿਆ ਅਤੇ ਯਾਤਰਾ ਖਤਮ ਕਰਨ ਦੀ ਗੱਲ ਕਹੀ, ਤਾਂ ਮਹਿਲਾ ਗੁੱਸੇ 'ਚ ਆ ਗਈ।
ਪੁਲਸ ਸਟੇਸ਼ਨ ਜਾ ਕੇ ਕੀਤਾ ਹੰਗਾਮਾ
ਕੈਬ ਚਾਲਕ ਦਾ ਕਹਿਣਾ ਹੈ ਕਿ ਜੋਤੀ ਦਲਾਲ ਨੇ ਉਸ ਨੂੰ ਚੋਰੀ ਜਾਂ ਛੇੜਛਾੜ ਦੇ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦਿੱਤੀ। ਮਹਿਲਾ ਖੁਦ ਸੈਕਟਰ 29 ਦੇ ਥਾਣੇ ਪਹੁੰਚ ਗਈ ਅਤੇ ਉੱਥੇ ਜਾ ਕੇ ਕਾਫੀ ਹੰਗਾਮਾ ਕੀਤਾ। ਮਹਿਲਾ ਦੇ ਜਾਣ ਤੋਂ ਬਾਅਦ ਜਦੋਂ ਡਰਾਈਵਰ ਨੇ ਪੁਲਸ ਨੂੰ ਪੂਰੀ ਹਕੀਕਤ ਦੱਸੀ ਤਾਂ ਹੈਰਾਨੀਜਨਕ ਖੁਲਾਸੇ ਹੋਏ।
ਧੋਖਾਧੜੀ ਦਾ ਪੁਰਾਣਾ ਇਤਿਹਾਸ
ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਜੋਤੀ ਦਲਾਲ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਕਰ ਚੁੱਕੀ ਹੈ। ਉਸ ਨੇ ਇਕ ਸੈਲੂਨ ਤੋਂ 20,000 ਰੁਪਏ ਦੀ ਠੱਗੀ ਮਾਰੀ ਸੀ ਅਤੇ ਇਕ ਹੋਰ ਕੈਬ ਚਾਲਕ ਨੂੰ 2,000 ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਫਰਵਰੀ 2024 'ਚ ਵੀ ਮਹਿਲਾ ਦੀ ਇਕ ਕੈਬ ਚਾਲਕ ਨਾਲ ਬਹਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।
ਪੁਲਸ ਕਾਰਵਾਈ
ਸੈਕਟਰ 29 ਥਾਣੇ ਦੇ ਐਸ.ਐਚ.ਓ (SHO) ਰਵੀ ਕੁਮਾਰ ਨੇ ਦੱਸਿਆ ਕਿ ਜੋਤੀ ਦਲਾਲ ਦੇ ਖ਼ਿਲਾਫ਼ ਧੋਖਾਧੜੀ ਅਤੇ ਬੀ.ਐੱਨ.ਐੱਸ (BNS) ਦੀਆਂ ਹੋਰ ਧਾਰਾਵਾਂ ਤਹਿਤ ਐੱਫ.ਆਈ.ਆਰ ਦਰਜ ਕਰ ਲਈ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਮਹਿਲਾ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
