ਜ਼ਿਮਨੀ ਚੋਣਾਂ ਨਤੀਜੇ: ਅੱਜ ਹੋਵੇਗਾ ਮਮਤਾ ਬੈਨਰਜੀ ਦੀ ਕਿਸਮਤ ਦਾ ਫ਼ੈਸਲਾ, ਵੋਟਾਂ ਦੀ ਗਿਣਤੀ ਜਾਰੀ
Sunday, Oct 03, 2021 - 11:02 AM (IST)
ਕੋਲਕਾਤਾ—ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕਿਸਮਤ ਦੇ ਫ਼ੈਸਲੇ ਲਈ ਭਵਾਨੀਪੁਰ ਸੀਟ ’ਤੇ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਐਤਵਾਰ ਯਾਨੀ ਕਿ ਅੱਜ ਸਖ਼ਤ ਸੁਰੱਖਿਆ ਦਰਮਿਆਨ ਸਵੇਰੇ 8 ਵਜੇ ਤੋਂ ਜਾਰੀ ਹੈ। ਇਸ ਦੇ ਨਾਲ ਹੀ ਜੰਗੀਪੁਰ ਅਤੇ ਸਮਸੇਰਗੰਜ ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਇਸ ਸਾਲ ਦੀ ਸ਼ੁਰੂਆਤ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਨੰਦੀਗ੍ਰਾਮ ਤੋਂ ਚੋਣਾਂ ਹਾਰ ਗਈ ਸੀ। ਕੋਲਕਾਤਾ ਵਿਚ ਭਵਾਨੀਪੁਰ ਸੀਟ ’ਤੇ ਜ਼ਿਮਨੀ ਚੋਣਾਂ ’ਚ ਮਮਤਾ ਦਾ ਮੁਕਾਬਲਾ ਭਾਜਪਾ ਦੀ ਪਿ੍ਰਅੰਕਾ ਟਿਬਰੇਵਾਲਾ ਅਤੇ ਮਾਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਸ਼੍ਰੀਜੀਵ ਬਿਸਵਾਸ ਨਾਲ ਹੈ।
ਮਮਤਾ ਬੈਨਰਜੀ ਲਈ ਇਹ ਚੋਣਾਂ ਜਿੱਤਣਾ ਕਾਫੀ ਅਹਿਮ ਹੈ। ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਲਈ ਇਹ ਚੋਣਾਂ ਜਿੱਤਣਾ ਜ਼ਰੂਰੀ ਹੈ। ਭਵਾਨੀਪੁਰ ਵਿਧਾਨ ਸਭਾ ਖੇਤਰ ਲਈ ਵੋਟਾਂ ਦੀ ਗਿਣਤੀ ਸ਼ੇਖਾਵਤ ਮੈਮੋਰੀਅਲ ਸਰਕਾਰੀ ਸਕੂਲ ’ਚ ਹੋ ਰਹੀ ਹੈ, ਜਿੱਥੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਕੇਂਦਰੀ ਬਲਾਂ ਦੀਆਂ 24 ਕੰਪਨੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਨਤੀਜੇ 21 ਪੜਾਅ ਦੀ ਵੋਟਾਂ ਦੀ ਗਿਣਤੀ ਤੋਂ ਬਾਅਦ ਐਲਾਨ ਕੀਤੇ ਜਾਣਗੇ। ਭਵਾਨੀਪੁਰ ਮਮਤਾ ਦਾ ਘਰ ਅਤੇ ਗੜ੍ਹ ਰਿਹਾ ਹੈ। ਤਿੰਨੋਂ ਚੋਣਾਂ ਖੇਤਰਾਂ ਵਿਚ ਗਿਣਤੀ ਕੇਂਦਰਾਂ ਦੇ 200 ਮੀਟਰ ਦੇ ਦਾਇਰੇ ਵਿਚ ਧਾਰਾ-144 ਤਹਿਤ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਇਨ੍ਹਾਂ ਸੀਟਾਂ ’ਤੇ 30 ਸਤੰਬਰ ਨੂੰ ਵੋਟਾਂ ਪਈਆਂ ਸਨ। ਭਵਾਨੀਪੁਰ ’ਚ 57 ਫ਼ੀਸਦੀ ਤੋਂ ਜ਼ਿਆਦਾ ਵੋਟਿੰਗ ਹੋਈ ਸੀ। ਸਮਸੇਰਗੰਜ ਅਤੇ ਜੰਗੀਪੁਰ ਵਿਚ 79.92 ਫ਼ੀਸਦੀ ਅਤੇ 77.63 ਫ਼ੀਸਦੀ ਵੋਟਿੰਗ ਹੋਈ।
ਦੱਸ ਦੇਈਏ ਕਿ ਮਾਰਚ-ਅਪ੍ਰੈਲ ਦੀਆਂ ਵਿਧਾਨ ਸਭਾ ਚੋਣਾਂ ’ਚ ਸੂਬੇ ਦੇ ਮੰਤਰੀ ਸ਼ੋਭਨਦੇਵ ਚੱਟੋਪਾਧਿਆਏ ਨੇ 57.71 ਫ਼ੀਸਦੀ ਵੋਟਾਂ ਹਾਸਲ ਕਰ ਕੇ ਇਹ ਸੀਟ ਜਿੱਤੀ ਸੀ, ਜਦਕਿ ਭਾਜਪਾ ਉਮੀਦਵਾਰ ਰੂਦਰਨੀਲ ਘੋਸ਼ 35.16 ਫ਼ੀਸਦੀ ਨਾਲ ਦੂਜੇ ਸਥਾਨ ’ਤੇ ਰਹੇ। ਚੱਟੋਪਾਧਿਆਏ ਨੇ ਮਮਤਾ ਲਈ ਸੀਟ ਖਾਲੀ ਕਰਦੇ ਹੋਏ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਤਾਂ ਕਿ ਮਮਤਾ ਇੱਥੋਂ ਚੋਣ ਲੜ ਸਕੇ। ਉੱਥੇ ਹੀ ਜੰਗੀਪੁਰ ਅਤੇ ਸਮਸੇਰਗੰਜ ਵਿਚ ਇਕ-ਇਕ ਉਮੀਦਵਾਰ ਦੀ ਮੌਤ ਮਗਰੋਂ ਵੋਟਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ।