ਜ਼ਿਮਨੀ ਚੋਣ : ਅੰਤਾ ਤੋਂ ਬਾਅਦ ਜੁਬਲੀ ਹਿਲਜ਼ 'ਚ ਛਾਈ ਕਾਂਗਰਸ, ਨਵੀਨ ਯਾਦਵ ਨੇ ਦਰਜ ਕੀਤੀ ਵੱਡੀ ਜਿੱਤ
Friday, Nov 14, 2025 - 03:25 PM (IST)
ਨੈਸ਼ਨਲ ਡੈਸਕ : ਅੱਜ ਦੇਸ਼ ਦੇ ਬਿਹਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਇਲਾਵਾ 8 ਹਲਕਿਆਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੀ ਗਿਣਤੀ ਚੱਲ ਰਹੀ ਹੈ। ਇਨ੍ਹਾਂ 'ਚ ਜੰਮੂ-ਕਸ਼ਮੀਰ ਦੇ ਬਡਗਾਮ ਤੇ ਨਗਰੋਟਾ, ਝਾਰਖੰਡ ਦਾ ਘਾਟਸਿਲਾ, ਮਿਜ਼ੋਰਮ ਦਾ ਡੰਪਾ, ਓਡੀਸ਼ਾ ਦਾ ਨੁਆਪਡਾ, ਪੰਜਾਬ ਦਾ ਤਰਨਤਾਰਨ, ਰਾਜਸਥਾਨ ਦੇ ਅੰਟਾ ਤੇ ਤੇਲੰਗਾਨਾ ਦਾ ਜੁਬਲੀ ਹਿੱਲਜ਼ ਹਲਕਾ ਸ਼ਾਮਲ ਹਨ। ਜ਼ਿਮਨੀ ਚੋਣ ਦੇ ਨਤੀਜੇ ਕਾਫੀ ਦਿਲਚਸਪ ਆ ਰਹੇ ਹਨ।
ਤੇਲੰਗਾਨਾ 'ਚ ਕਾਂਗਰਸ ਪਾਰਟੀ ਨੇ ਜੁਬਲੀ ਹਿਲਜ਼ ਵਿਧਾਨ ਸਭਾ ਉਪ-ਚੋਣ ਜਿੱਤ ਲਈ ਹੈ। ਕਾਂਗਰਸ ਉਮੀਦਵਾਰ ਨਵੀਨ ਯਾਦਵ ਨੇ ਜੁਬਲੀ ਹਿਲਜ਼ ਉਪ-ਚੋਣ ਵਿੱਚ ਇੱਕ ਵੱਡਾ ਰਾਜਨੀਤਿਕ ਉਲਟਫੇਰ ਕੀਤਾ ਹੈ, ਜਿਸ ਵਿੱਚ ਬੀਆਰਐਸ ਉਮੀਦਵਾਰ ਮਗੰਤੀ ਸੁਨੀਤਾ ਨੂੰ 24,000 ਤੋਂ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਇਹ ਜਿੱਤ ਬੀਆਰਐਸ ਲਈ ਇੱਕ ਝਟਕਾ ਹੈ, ਜਿਸਨੂੰ ਇੱਕ ਮਜ਼ਬੂਤ ਅਤੇ ਵੱਕਾਰੀ ਗੜ੍ਹ ਮੰਨਿਆ ਜਾਂਦਾ ਸੀ। ਇਸ ਹਾਰ ਨੇ ਬੀਆਰਐਸ ਦੇ ਸ਼ਹਿਰੀ ਵੋਟਰਾਂ ਨਾਲ ਸੰਪਰਕ ਅਤੇ ਰਣਨੀਤੀ 'ਤੇ ਸਵਾਲ ਖੜ੍ਹੇ ਕੀਤੇ। ਇਸ ਦੌਰਾਨ ਕਾਂਗਰਸ ਉਮੀਦਵਾਰ ਨਵੀਨ ਯਾਦਵ ਨੇ 98988 ਵੋਟਾਂ ਦੀ ਲੀਡ ਨਾਲ ਜਿੱਤ ਹਾਸਲ ਕੀਤੀ ਤੇ ਭਾਰਤ ਰਾਸ਼ਟਰ ਸਮਿਤੀ ਦੀ ਮਗਨਤੀ ਸੁਨੀਥਾ ਗੋਪੀਨਾਥ ਨੂੰ 24729 ਵੋਟਾਂ ਦੇ ਫਰਕ ਨਾਲ ਕਰਾਰੀ ਹਾਰ ਦਿੱਤੀ।
ਇਸ ਤੋਂ ਪਹਿਲਾਂ ਰਾਜਸਥਾਨ ਦੀ ਰਾਜਨੀਤੀ ਨੂੰ ਹਿਲਾ ਦੇਣ ਵਾਲੀ ਅੰਤਾ ਵਿਧਾਨ ਸਭਾ ਉਪ-ਚੋਣ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਜਨਤਾ ਨੇ ਸੀਨੀਅਰ ਕਾਂਗਰਸੀ ਨੇਤਾ ਪ੍ਰਮੋਦ ਜੈਨ ਭਇਆ ਨੂੰ ਆਪਣਾ ਨੇਤਾ ਚੁਣਿਆ ਹੈ, ਜਿਸ ਨਾਲ ਉਨ੍ਹਾਂ ਨੂੰ ਚੌਥੀ ਵਾਰ ਵਿਧਾਨ ਸਭਾ ਵਿੱਚ ਭੇਜਿਆ ਗਿਆ ਹੈ। ਇਹ ਜਿੱਤ ਦਰਸਾਉਂਦੀ ਹੈ ਕਿ ਅੰਤਾ ਦੇ ਲੋਕਾਂ ਨੇ ਨਾ ਸਿਰਫ਼ ਭਇਆ ਦੇ ਵਿਕਾਸ ਕਾਰਜਾਂ ਵਿੱਚ ਆਪਣਾ ਵਿਸ਼ਵਾਸ ਜਤਾਇਆ ਹੈ, ਸਗੋਂ ਭਾਜਪਾ ਦੀਆਂ ਚਾਲਾਂ ਅਤੇ ਸਥਾਨਕ ਪ੍ਰਭਾਵ ਨੂੰ ਵੀ ਰੱਦ ਕਰ ਦਿੱਤਾ ਹੈ। ਰਾਜਸਥਾਨ ਦੇ ਅੰਟਾ ਜ਼ਿਨਮੀ ਸੀਟ ਤੋਂ ਕਾਂਗਰਸੀ ਉਮੀਦਵਾਰ ਪ੍ਰਮੋਦ ਜੈਨ ''ਭਾਇਆ'' ਨੇ ਵੱਡੀ ਲੀਡ ਹਾਸਲ ਕਰ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਕਾਂਗਰਸੀ ਉਮੀਦਵਾਰ ਪ੍ਰਮੋਦ ਜੈਨ ਨੇ ਭਾਰਤੀ ਜਨਤਾ ਪਾਰਟੀ ਦੇ ਉਮਦੀਵਾਰ ਮੋਰਪਾਲ ਸੁਮਨ ਨੂੰ 15612 ਵੋਟਾਂ ਦੇ ਫਰਕ ਨਾਲ ਹਰਾਇਆ। ਕਾਂਗਰਸੀ ਉਮੀਦਵਾਰ ਪ੍ਰਮੋਦ ਜੈਨ ''ਭਾਇਆ'' ਨੇ ਕੁੱਲ 69571 ਵੋਟਾਂ ਹਾਸਲ ਕੀਤੀਆਂ।
ਇਸ ਤੋਂ ਪਹਿਲਾਂ ਮਿਜ਼ੋਰਮ ਦੇ ਡੰਪਾ ਤੋਂ ਮਿਜ਼ੋ ਨੈਸ਼ਨਲ ਫਰੰਟ ਦੇ ਡਾ. ਆਰ. ਲਲਥਾਂਗਲੀਆਨਾ ਨੇ ਜ਼ੋਰਮ ਪੀਪਲਜ਼ ਮੂਵਮੈਂਟ ਪਾਰਟੀ ਦੇ ਵਨਲਲਸੈਲੋਵਾ ਨੂੰ 562 ਵੋਟਾਂ ਨਾਲ ਹਰਾ ਕੇ 6981 ਵੋਟਾਂ ਹਾਸਲ ਕੀਤੀਆਂ। ਇਸਦੇ ਨਾਲ ਹੀ ਇਸ ਤੋਂ ਬਾਅਦ ਜੰਮੂ-ਕਸ਼ਮੀਰ ਦੇ ਨਗਰੋਟਾ ਸੀਟ ਤੋਂ ਬੀਜੇਪੀ ਨੇ ਜਿੱਤ ਦੀ ਝੰਡਾ ਲਹਿਰਾ ਦਿੱਤਾ ਹੈ। ਨਗਰੋਟਾ ਸੀਟ ਤੋਂ ਬੀਜੇਪੀ ਉਮਦੀਵਾਰ ਦੇਵਿਆਨੀ ਰਾਣਾ ਨੇ 42350 ਵੋਟਾਂ ਪ੍ਰਾਪਤ ਕਰ ਕੇ ਸ਼ਾਨਦਾਰ ਜਿੱਤ ਹਾਸਲ ਕਰ ਲਈ ਹੈ। ਇਨ੍ਹਾਂ ਨਤੀਜਿਆਂ 'ਚ ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ (ਇੰਡੀਆ) ਦੇ ਉਮੀਦਵਾਰ ਹਰਸ਼ ਦੇਵ ਸਿੰਘ ਨੂੰ 24647 ਵੋਟਾਂ ਦੇ ਫਰਕ ਨਾਲ ਹਰਾਇਆ।
