ਕਾਰੋਬਾਰੀ ਤੋਂ ਤਿੰਨ ਕਰੋੜ ਦੀ ਠੱਗੀ, ਦੁਰਲੱਭ ਰਤਨ ਨੀਲਮ ''ਚ ਨਿਵੇਸ਼ ਕਰਨਾ ਪਿਆ ਮਹਿੰਗਾ
Wednesday, Jul 09, 2025 - 03:18 PM (IST)

ਜੰਮੂ- ਹੈਦਰਾਬਾਦ ਦੇ ਇਕ ਕਾਰੋਬਾਰੀ ਨੂੰ ਦੁਰਲੱਭ ਰਤਨ ਨੀਲਮ 'ਚ ਨਿਵੇਸ਼ ਕਰਨ ਦਾ ਸੁਪਨਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਧੋਖੇਬਾਜ਼ਾਂ ਨੇ ਰਤਨ ਵਪਾਰੀ ਬਣ ਕੇ ਉਸ ਨਾਲ 3 ਕਰੋੜ ਰੁਪਏ ਦੀ ਠੱਗੀ ਮਾਰੀ। ਜੰਮੂ-ਕਸ਼ਮੀਰ ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਦੇ ਅਨੁਸਾਰ, ਪੁਲਸ ਦੀ ਮਦਦ ਨਾਲ ਕਾਰੋਬਾਰੀ ਨੂੰ 62 ਲੱਖ ਰੁਪਏ ਵਾਪਸ ਮਿਲ ਗਏ। ਉਨ੍ਹਾਂ ਦੱਸਿਆ ਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐੱਨਐੱਸਐੱਸ) ਦੀ ਧਾਰਾ 107 ਦੇ ਅਧੀਨ ਦੋਸ਼ੀਆਂ ਦੀ ਜਾਇਦਾਦ ਕੁਰਕ ਕਰਨ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਅਧੀਨ ਸ਼ਿਕਾਇਕਰਤਾ ਨੂੰ ਠੱਗੀ ਗਈ ਰਾਸ਼ੀ ਵਾਪਸ ਦਿਵਾਉਣ ਲਈ ਜਾਇਦਾਦ ਕੁਰਕ ਅਤੇ ਜ਼ਬਤ ਕੀਤੀ ਜਾ ਸਕਦੀ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਹੈਦਰਾਬਾਦ ਦੇ ਮੀਰ ਫਿਰਾਸਤ ਅਲੀ ਖਾਨ ਨੇ ਪਿਛਲੇ ਸਾਲ ਬਾਹੂ ਫੋਰਟ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਜੰਮੂ ਦੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਪ੍ਰਸਿੱਧ ਕਸ਼ਮੀਰੀ ਨੀਲਮ ਦੇ ਨਾਂ 'ਤੇ ਨਕਲੀ ਹੀਰੇ ਵੇਚਣ ਦੀ ਕੋਸ਼ਿਸ਼ ਕੀਤੀ ਸੀ।
ਬੁਲਾਰੇ ਨੇ ਦੱਸਿਆ ਕਿ ਇਕ ਐੱਫਆਈਆਰ ਦਰਜ ਕੀਤੀ ਗਈ ਅਤੇ ਜਾਂਚ 'ਚ ਰਾਜੌਰੀ ਵਾਸੀ ਮੁਹੰਮਦ ਰਿਆਜ਼ ਅਤੇ ਪੁੰਛ 'ਚ ਸੁਰਨਕੋਟ ਵਾਸੀ ਮੁਹੰਮਦ ਤਾਜ ਖਾਨ (ਜੋ ਮੌਜੂਦਾ ਸਮੇਂ ਜੰਮੂ 'ਚ ਰਹਿ ਰਹੇ ਹਨ) ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਮੂਲੀਅਤ ਵਾਲੀ ਇਕ ਵੱਡੀ ਸਾਜਿਸ਼ ਦਾ ਖੁਲਾਸਾ ਹੋਇਆ। ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਿਕਾਇਤਕਰਤਾ ਤੋਂ ਤਿੰਨ ਕਰੋੜ ਰੁਪਏ ਠੱਗੇ ਅਤੇ ਨਕਲੀ ਕਸ਼ਮੀਰੀ ਨੀਲਮ ਵੇਚਣ ਦੀ ਕੋਸ਼ਿਸ਼ ਕੀਤੀ। ਜਾਂਚ ਦੌਰਾਨ ਕਈ ਨਕਲੀ ਕਸ਼ਮੀਰੀ ਨੀਲਮ ਦੇ ਹਾਰ ਵੀ ਬਰਾਮਦ ਕੀਤੇ ਗਏ। ਪੁਲਸ ਨੇ ਦੱਸਿਆ ਕਿ ਜਾਂਚ ਅਧਿਕਾਰੀ ਨੇ ਅਪਰਾਧ ਤੋਂ ਹੋਈ ਕਮਾਈ ਤੋਂ ਪ੍ਰਾਪਤ ਜਾਇਦਾਦ ਦੀ ਪਛਾਣ ਕਰ ਲਈ ਹੈ ਅਤੇ ਬੀਐੱਨਐੱਸਐੱਸ ਦੀ ਧਾਰਾ 107 ਦੇ ਅਧੀਨ ਕੁਰਕੀ ਦੀ ਕਾਰਵਾਈ ਲਈ ਕੋਰਟ 'ਚ ਅਰਜ਼ੀ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8