ਬੱਸ ਦੀ ਲਪੇਟ ''ਚ ਆਉਣ ਨਾਲ ਪੁਲਸ ਕਾਂਸਟੇਬਲ ਸਣੇ 2 ਦੀ ਮੌਤ
Tuesday, Nov 05, 2024 - 05:11 PM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ 'ਚ ਮੋਨੇਸਟ੍ਰੀ ਮਾਰਕੀਟ ਕੋਲ ਦਿੱਲੀ ਟਰਾਂਸਪੋਰਟ ਨਿਗਮ (ਡੀਟੀਸੀ) ਦੀ ਬੱਸ ਨਾਲ ਕੁਚਲ ਕੇ ਦਿੱਲੀ ਪੁਲਸ ਦੇ ਇਕ ਕਾਂਸਟੇਬਲ ਸਣੇ 2 ਲੋਕਾਂ ਦੀ ਮੌਤ ਹੋ ਗਈ। ਬੱਸ 'ਚ ਤਕਨੀਕੀ ਖ਼ਰਾਬੀ ਕਾਰਨ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਇਹ ਘਟਨਾ ਹੋਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ, ਸੋਮਵਾਰ ਰਾਤ ਡੀਟੀਸੀ ਡਰਾਈਵਰ ਦੇ ਵਾਹਨ ਤੋਂ ਕੰਟਰੋਲ ਗੁਆ ਦੇਣ ਕਾਰਨ ਬੱਸ ਫੁੱਟਪਾਥ 'ਤੇ ਚੜ੍ਹ ਗਈ। ਇਸ ਤੋਂ ਬਾਅਦ ਇਹ ਇਕ ਖੰਭੇ ਨਾਲ ਟਕਰਾਈ ਅਤੇ 2 ਲੋਕਾਂ ਨੂੰ ਟੱਕਰ ਮਾਰਨ ਤੋਂ ਬਾਅਦ ਰਿੰਗ ਰੋਡ 'ਤੇ ਸੜਕ ਦੇ ਡਿਵਾਈਡਰ ਨਾਲ ਟਕਰਾ ਕੇ ਰੁਕ ਗਈ। ਘਟਨਾ ਦੇ ਸਮੇਂ ਬੱਸ 'ਚ ਕੋਈ ਯਾਤਰੀ ਨਹੀਂ ਸੀ।
ਪੁਲਸ ਡਿਪਟੀ ਕਮਿਸ਼ਨਰ ਰਾਜਾ ਬਾਂਠੀਆ ਨੇ ਇਕ ਬਿਆਨ ਕਿਹਾ,''ਸਰਾਏ ਕਾਲੇ ਖਾਂ ਤੋਂ ਅੰਤਰਰਾਜੀ ਬੱਸ ਟਰਮਿਨਲ (ਆਈਐੱਸਬੀਟੀ) ਹੁੰਦੇ ਹੋਏ ਨੰਦ ਨਗਰੀ ਜਾਣ ਵਾਲੀ ਹਰੇ ਰੰਗ ਦੀ ਡੀਟੀਸੀ ਬੱਸ 'ਚ ਕੁਝ ਤਕਨੀਕੀ ਖਰਾਬੀ ਆ ਗਈ। ਰਾਤ ਕਰੀਬ 10.38 ਵਜੇ ਪੁਲਸ ਕੰਟਰੋਲ ਰੂਮ (ਪੀਸੀਆਰ) ਨੂੰ ਇਸ ਸੰਬੰਧ 'ਚ ਕਈ ਫੋਨ ਆਏ, ਜਿਸ 'ਚ ਦਾਅਵਾ ਕੀਤਾ ਗਿਆ ਕਿ ਬੱਸ ਮੋਨੇਸਟ੍ਰੀ ਮਾਰਕੀਟ ਕੋਲ ਕੰਟਰੋਲ ਗੁਆ ਬੈਠੀ ਹੈ, ਜਿਸ ਕਾਰਨ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ 2 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ।'' ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਨਗਾਲੈਂਡ ਵਾਸੀ ਅਤੇ ਦਿੱਲੀ ਪੁਲਸ ਦੇ ਕਾਂਸਟੇਬਲ ਵਿਕਟਰ (27) ਅਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਬਾਂਠੀਆ ਨੇ ਕਿਹਾ,''ਕਾਂਸਟੇਬਲ ਵਿਕਟਰ ਰਾਤ ਨੂੰ ਗਸ਼ਤ ਡਿਊਟੀ 'ਤੇ ਸਨ ਅਤੇ ਰਾਤ ਕਰੀਬ 9.45 ਵਜੇ ਉਹ ਥਾਣੇ ਤੋਂ ਨਿਕਲੇ ਸਨ। ਹਾਦਸੇ ਦੇ ਸਮੇਂ ਉਹ ਪੀਸੀਆਰ ਮੋਟਰਸਾਈਕਲ ਚਲਾ ਰਹੇ ਸਨ। ਬੱਸ ਦੀ ਲਪੇਟ 'ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਲਾਈਨਜ਼ ਸਥਿਤ ਪਰਮਾਨੰਦ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਵਿਕਟਰ ਦੇ ਸਿਰ, ਗਰਦਨ ਅਤੇ ਚਿਹਰੇ 'ਤੇ ਕਈ ਗੰਭੀਰ ਸੱਟਾਂ ਲੱਗੀਆਂ।'' ਉਨ੍ਹਾਂ ਦੱਸਿਆ ਕਿ ਵਿਕਟਰ ਜੂਨ 2023 ਤੋਂ ਸਿਵਲ ਲਾਈਨਜ਼ ਥਾਣੇ 'ਚ ਤਾਇਨਾਤ ਸਨ। ਘਟਨਾ 'ਚ ਜ਼ਖ਼ਮੀ ਇਕ ਹੋਰ ਵਿਅਕਤੀ ਨੂੰ ਵੀ ਹਸਪਤਾਲ 'ਚ ਮ੍ਰਿਤਕ ਐਲਾਨ ਦਿੱਤਾ ਗਿਆ, ਜਿਸ ਦੀ ਪਛਾਣ ਲਈ ਕੋਸ਼ਿਸ਼ ਜਾਰੀ ਹੈ। ਬੱਸ ਡਰਾਈਵਰ ਵਿਨੋਦ ਕੁਮਾਰ (57) ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ, ਜਿਸ ਨੂੰ ਹਾਦਸੇ 'ਚ ਕੋਈ ਸੱਟ ਨਹੀਂ ਲੱਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8