ਤੜਕਸਾਰ ਵਾਪਰਿਆ ਭਿਆਨਕ ਹਾਦਸਾ ! ਖੜ੍ਹੇ ਟ੍ਰੇਲਰ ''ਚ ਜਾ ਵੱਜੀ ਬੱਸ ! ਮਾਂ-ਪੁੱਤ ਸਣੇ 4 ਲੋਕਾਂ ਦੀ ਮੌਤ
Thursday, Jan 29, 2026 - 09:52 AM (IST)
ਨੈਸ਼ਨਲ ਡੈਸਕ- ਰਾਜਸਥਾਨ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਭਰਤਪੁਰ ਜ਼ਿਲ੍ਹੇ ਵਿੱਚ ਵੀਰਵਾਰ ਤੜਕੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 5 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਆਗਰਾ-ਜੈਪੁਰ ਨੈਸ਼ਨਲ ਹਾਈਵੇਅ 'ਤੇ ਸੇਵਰ ਥਾਣਾ ਖੇਤਰ ਵਿੱਚ ਲੁਧਾਵਈ ਪੁਲ ਦੇ ਨੇੜੇ ਵਾਪਰਿਆ।
ਜਾਣਕਾਰੀ ਅਨੁਸਾਰ ਕਾਸਗੰਜ ਤੋਂ ਜੈਪੁਰ ਜਾ ਰਹੀ ਇੱਕ ਸਲੀਪਰ ਬੱਸ ਹਾਈਵੇਅ 'ਤੇ ਖੜ੍ਹੇ ਇੱਕ ਖ਼ਰਾਬ ਟ੍ਰੇਲਰ ਨਾਲ ਪਿੱਛੇ ਤੋਂ ਟਕਰਾ ਗਈ। ਹਾਦਸੇ ਦੇ ਸਮੇਂ ਇਲਾਕੇ ਵਿੱਚ ਸੰਘਣੀ ਧੁੰਦ ਸੀ, ਜਿਸ ਨੂੰ ਦੁਰਘਟਨਾ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਮ੍ਰਿਤਕਾਂ 'ਚ ਮਥੁਰਾ ਦਾ ਇੱਕ 8 ਸਾਲਾ ਬੱਚਾ (ਕਾਨ੍ਹਾ) ਅਤੇ ਉਸ ਦੀ ਮਾਂ (ਗੀਤਾ) ਸ਼ਾਮਲ ਹਨ, ਜੋ ਖਾਟੂਸ਼ਿਆਮ ਜੀ ਦੇ ਦਰਸ਼ਨਾਂ ਲਈ ਜਾ ਰਹੇ ਸਨ, ਜਦਕਿ 2 ਮ੍ਰਿਤਕਾਂ ਦੀ ਪਛਾਣ ਅਲਵਰ ਦੇ ਮੁੱਖਨ ਸਿੰਘ ਅਤੇ ਕਾਸਗੰਜ ਦੇ ਮੁਸਲਿਮ ਵਜੋਂ ਹੋਈ ਹੈ।
ਜ਼ਿਲ੍ਹਾ ਕਲੈਕਟਰ ਕਮਰ ਚੌਧਰੀ ਅਤੇ ਐੱਸ.ਪੀ. ਦਿਗੰਤ ਆਨੰਦ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਜ਼ਖ਼ਮੀਆਂ ਨੂੰ ਤੁਰੰਤ ਜ਼ਿਲ੍ਹਾ ਆਰ.ਬੀ.ਐੱਮ. ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਅਗਲੇਰੀ ਜਾਂਚ ਜਾਰੀ ਹੈ।
