ਬੁਲੇਟ ਟ੍ਰੇਨ ਪ੍ਰਾਜੈਕਟ : ਤੇਲੰਗਾਨਾ ’ਚ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਕਿਸਾਨਾਂ ਤੇ ਪੁਲਸ ’ਚ ਝੜਪ
Saturday, Jul 18, 2026 - 05:41 PM (IST)
ਹੈਦਰਾਬਾਦ, (ਏਜੰਸੀ)-ਤੇਲੰਗਾਨਾ ਦੇ ਰੰਗਾਰੈੱਡੀ ਜ਼ਿਲੇ ’ਚ ਸ਼ਨੀਵਾਰ ਨੂੰ ਪ੍ਰਸਤਾਵਿਤ ਬੁਲੇਟ ਟ੍ਰੇਨ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਪੁਲਸ ਵਿਚਾਲੇ ਤਿੱਖੀ ਝੜਪ ਹੋ ਗਈ, ਜਿਸ ਕਾਰਨ ਪੂਰੇ ਖੇਤਰ ’ਚ ਤਣਾਅ ਪੈਦਾ ਹੋ ਗਿਆ। ਇਹ ਟਕਰਾਅ ਉਸ ਸਮੇਂ ਸ਼ੁਰੂ ਹੋਇਆ ਜਦੋਂ ਅਧਿਕਾਰੀਆਂ ਨੇ ‘ਹੈਦਰਾਬਾਦ ਆਫ਼ਤ ਪ੍ਰਤੀਕਿਰਿਆ ਤੇ ਜਾਇਦਾਦ ਸੁਰੱਖਿਆ ਏਜੰਸੀ’ (ਹਾਈਡ੍ਰਾ) ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਪੁਟਾਈ ਤੇ ਜੇ. ਸੀ. ਬੀ. ਮਸ਼ੀਨਾਂ ਦੀ ਮਦਦ ਨਾਲ ਸ਼ਮਸ਼ਾਬਾਦ ਮੰਡਲ ਦੇ ਬਹਾਦੁਰਗੁਡਾ ਪਿੰਡ ਦੀ ਵਿਵਾਦਤ ਜ਼ਮੀਨ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ।
ਕਿਸਾਨ ਪਹਿਲਾਂ ਤੋਂ ਹੀ ਇਸ ਮਸਲੇ ’ਤੇ ਭੁੱਖ ਹੜਤਾਲ ਕਰ ਰਹੇ ਸਨ। ਅਜਿਹੇ ’ਚ ਇਸ ਕਾਰਵਾਈ ਦੇ ਸ਼ੁਰੂ ਹੋਣ ਨਾਲ ਪਿੰਡ ਵਾਸੀਆਂ ਦਾ ਗੁੱਸਾ ਹੋਰ ਭੜਕ ਉੱਠਿਆ, ਜਿਸ ਕਾਰਨ ਵੱਡੇ ਪੱਧਰ ’ਤੇ ਪ੍ਰਦਰਸ਼ਨ ਸ਼ੁਰੂ ਹੋ ਗਿਆ ਅਤੇ ਵੱਡੀ ਗਿਣਤੀ ’ਚ ਪੁਲਸ ਤਾਇਨਾਤੀ ਕਰਨੀ ਪਈ। ਕਿਸਾਨਾਂ ਦਾ ਦੋਸ਼ ਹੈ ਕਿ ਪ੍ਰਸਤਾਵਿਤ ਹਾਈ-ਸਪੀਡ ਰੇਲ ਪ੍ਰਾਜੈਕਟ ਲਈ ਉਨ੍ਹਾਂ ਦੀ ਖੇਤੀਬਾੜੀ ਵਾਲੀ ਜ਼ਮੀਨ ਨੂੰ ਜ਼ਬਰਦਸਤੀ ਐਕਵਾਇਰ ਕੀਤਾ ਜਾ ਰਿਹਾ ਹੈ। ਜਿਵੇਂ ਹੀ ਘੇਰਾਬੰਦੀ ਦਾ ਕੰਮ ਸ਼ੁਰੂ ਹੋਇਆ, ਵੱਡੀ ਗਿਣਤੀ ’ਚ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਜ਼ਮੀਨ ਨੂੰ ਅੈਕਵਾਇਰ ਕੀਤੇ ਜਾਣ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਆਪਣੀ ਜ਼ਮੀਨ ਵਾਪਸ ਕਰਨ ਦੀ ਮੰਗ ਕੀਤੀ। ਇਸ ਅੰਦੋਲਨ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਪੁਲਸ ਵਿਚਾਲੇ ਹੱਥੋਪਾਈ ਹੋ ਗਈ।
