ਤ੍ਰਿਪੁਰਾ 'ਚ ਸੋਨਾ ਰੂਪੀ ਮਾਣਿਕ ਸਰਕਾਰ ਨੂੰ ਹਰਾ ਕੇ ਹੀਰਾ ਰੂਪੀ ਭਾਜਪਾ ਸਰਕਾਰ ਬਣਾਈ ਜਾਵੇ : ਮੋਦੀ

02/09/2018 10:31:49 AM

ਸੋਨਾਮੁਰਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤ੍ਰਿਪੁਰਾ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ 'ਚ ਲਿਬੜੀ ਖੱਬੇ ਪੱਖੀ ਮੋਰਚਾ ਦੀ ਸਰਕਾਰ ਨੂੰ ਜੜ੍ਹੋਂ ਪੁੱਟ ਸੁਟਣ ਅਤੇ ਭਾਜਪਾ ਦੀ ਸਰਕਾਰ ਬਣਾਉਣ ਦਾ ਵੀਰਵਾਰ ਸੱਦਾ ਦਿੱਤਾ। ਮੋਦੀ ਨੇ ਅਗਰਤਲਾ ਤੋਂ 70 ਕਿਲੋਮੀਟਰ ਦੂਰ ਸੋਨਾਮੁਰਾ ਵਿਖੇ ਇਕ ਚੋਣ ਰੈਲੀ ਵਿਚ ਬੋਲਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਸੋਨਾ ਰੂਪੀ ਮਾਣਿਕ ਸਰਕਾਰ ਦੇਖੀ ਹੈ ਪਰ ਹੁਣ ਹੀਰਾ ਰੂਪੀ ਸਰਕਾਰ ਦੇਖਣ ਦੀ ਲੋੜ ਹੈ। ਹੀਰਾ 'ਚ 'ਐੱਚ' ਦਾ ਮਤਲਬ ਸਰਵੋਤਮ ਹਾਈਵੇ, 'ਆਈ' ਦਾ ਮਤਲਬ ਸਰਵੋਤਮ ਇੰਟਰਨੈੱਟ ਸੰਪਰਕ, 'ਆਰ' ਦਾ ਮਤਲਬ ਸਭ ਤੋਂ ਵੱਧ ਆਧੁਨਿਕ ਟਰਾਂਸਪੋਰਟ ਵਿਵਸਥਾ ਅਤੇ 'ਏ' ਦਾ ਮਤਲਬ ਫੁਰਤੀਲਾ ਏਅਰ ਮਾਰਗ ਸੰਪਰਕ ਹੈ। ਤ੍ਰਿਪੁਰਾ 'ਚ 'ਹੀਰਾ' ਰੂਪੀ ਸਰਕਾਰ ਨੂੰ ਲਿਆਉਣ ਲਈ ਭਾਜਪਾ ਵਚਨਬੱਧ ਹੈ। ਆਪਣੇ 45 ਮਿੰਟ ਦੇ ਭਾਸ਼ਣ ਵਿਚ ਮੋਦੀ ਨੇ ਸੂਬੇ ਦੇ ਲੋਕਾਂ ਨੂੰ ਮਾਣਿਕ ਸਰਕਾਰ ਨੂੰ ਪਛਾੜ ਦੇਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ 25 ਸਾਲ ਤੋਂ ਸੱਤਾ ਸੰਚਾਲਨ ਕਰਨ ਵਿਚ ਨਾਕਾਮ ਰਹੀ ਇਸ ਸਰਕਾਰ ਨੂੰ ਚਲਦਾ ਕੀਤਾ ਜਾਵੇ।


Related News