ਗਰੀਬਾਂ, ਔਰਤਾਂ, ਕਿਸਾਨਾਂ ਤੇ ਨੌਜਵਾਨਾਂ ਦੀਆਂ ਇਛਾਵਾਂ ਨੂੰ ਪੂਰਾ ਕਰਨ ਵਾਲਾ ਬਜਟ : ਨਾਇਬ ਸੈਣੀ
Wednesday, Jul 24, 2024 - 12:44 AM (IST)
ਨੈਸ਼ਨਲ ਡੈਸਕ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਦੇ ਤੀਜੇ ਕਾਰਜਕਾਲ ਦਾ ਇਹ ਪਹਿਲਾ ਪੂਰਾ ਬਜਟ ਗਰੀਬਾਂ, ਔਰਤਾਂ, ਕਿਸਾਨਾਂ ਅਤੇ ਨੌਜਵਾਨਾਂ ਦੀਆਂ ਉਮੀਦਾਂ ਤੇ ਇਛਾਵਾਂ ਨੂੰ ਪੂਰਾ ਕਰਨ ਵਾਲਾ ਬਜਟ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਇਹ ਆਮ ਬਜਟ ਵਿਕਸਤ ਭਾਰਤ ਦੇ ਨਿਰਮਾਣ ’ਚ ਇਕ ਨਵਾਂ ਅਧਿਆਏ ਲਿਖੇਗਾ। ਬਜਟ ’ਚ ਸਨਅਤੀ ਵਿਕਾਸ ਨੂੰ ਨਵਾਂ ਹੁਲਾਰਾ ਦੇ ਕੇ ਖੇਤੀ ਨੂੰ ਵਧੇਰੇ ਲਾਭਦਾਇਕ ਬਣਾਉਣ, ਆਰਥਿਕਤਾ ਨੂੰ ਮਜ਼ਬੂਤ ਕਰਨ ਤੇ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰਨ ਦਾ ਦ੍ਰਿਸ਼ਟੀਕੋਣ ਹੈ।
ਸੈਣੀ ਨੇ ਕਿਹਾ ਕਿ ਬਜਟ ’ਚ ਪੌਣਪਾਣੀ ਅਨੁਕੂਲ ਖੇਤੀ ਦੀਆਂ 32 ਅਤੇ ਬਾਗਬਾਨੀ ਦੀਆਂ 109 ਕਿਸਮਾਂ ਦੀਆਂ ਫ਼ਸਲਾਂ ਲਈ ਖੇਤੀ ਖੋਜ ਨੂੰ ਉਤਸ਼ਾਹਿਤ ਕਰਨਾ ਖੇਤੀ ਪੱਖੀ ਹਰਿਆਣਾ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਐੱਮ. ਐੱਸ. ਐੱਮ. ਈ. ਸੈਕਟਰ ’ਤੇ ਇਸ ਬਜਟ ’ਚ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਮੁਦਰਾ ਕਰਜ਼ੇ ਨੂੰ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰਨਾ ਛੋਟੇ ਉੱਦਮੀਆਂ ਲਈ ਫਾਇਦੇਮੰਦ ਸਾਬਤ ਹੋਵੇਗਾ। ਬਜਟ ’ਚ ਰੁਜ਼ਗਾਰ ਨਾਲ ਸਬੰਧਤ 3 ਨਵੀਆਂ ਯੋਜਨਾਵਾਂ ਦਾ ਐਲਾਨ ਦੇਸ਼ ’ਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ।
ਬਜਟ ਨੇ ਹਰਿਆਣਾ ਤੇ ਦੇਸ਼ ਨੂੰ ਨਿਰਾਸ਼ ਕੀਤਾ : ਹੁੱਡਾ
ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਭੂਪੇਂਦਰ ਹੁੱਡਾ ਦਾ ਕਹਿਣਾ ਹੈ ਕਿ ਕੇਂਦਰੀ ਬਜਟ ਤੋਂ ਹਰਿਆਣਾ ਨੂੰ ਬਹੁਤ ਨਿਰਾਸ਼ਾ ਹੋਈ ਹੈ। ਬਜਟ ’ਚ ਕਿਤੇ ਵੀ ਹਰਿਆਣਾ ਦਾ ਜ਼ਿਕਰ ਨਹੀਂ।
ਬਜਟ ਨੇ ਦੇਸ਼ ਦੇ ਕਿਸਾਨਾਂ, ਛੋਟੇ ਵਪਾਰੀਆਂ, ਮੱਧ ਵਰਗ, ਗਰੀਬਾਂ ਤੇ ਘਰੇਲੂ ਔਰਤਾਂ ਨੂੰ ਪੂਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਲਗਾਤਾਰ ਮਹਿੰਗਾਈ ਤੇ ਭਾਰੀ ਟੈਕਸਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਮਹਿੰਗਾਈ ਤੋਂ ਕੋਈ ਰਾਹਤ ਨਹੀਂ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਥ ਇਕ ਵਾਰ ਫਿਰ ਖਾਲੀ ਰਹੇ । ਐੱਮ. ਐੱਸ. ਪੀ. ’ਤੇ ਗਾਰੰਟੀ ਨੂੰ ਲੈ ਕੇ ਇਹ ਬਜਟ ਚੁੱਪ ਹੈ। ਕਿਸਾਨ ਸਨਮਾਨ ਨਿਧੀ ਦੀ ਰਕਮ ’ਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੂਨ 2022 ’ਚ ਕਿਸਾਨ ਸਨਮਾਨ ਨਿਧੀ ਦੇ ਲਾਭਪਾਤਰੀਆਂ ਦੀ ਗਿਣਤੀ 11.39 ਕਰੋੜ ਸੀ, ਜੋ ਹੁਣ ਘਟ ਕੇ 9.26 ਕਰੋੜ ਰਹਿ ਗਈ ਹੈ। ਬੇਰੋਜ਼ਗਾਰੀ ’ਤੇ ਸ਼ਿਕੰਜਾ ਕੱਸਣ ਲਈ ਬਜਟ ’ਚ ਕੋਈ ਰੋਡਮੈਪ ਨਜ਼ਰ ਨਹੀਂ ਆਇਆ। ਭਾਜਪਾ ਨੇ ਸਿਰਫ਼ ਅੰਕੜਿਆਂ ਦਾ ਜੁਗਾੜ ਕਰ ਕੇ ਬਜਟ ਨੂੰ ਪੇਸ਼ ਕਰਨ ਦੀ ਰਸਮ ਨਿਭਾਈ ਹੈ।
ਹੁੱਡਾ ਨੇ ਕਿਹਾ ਕਿ ਸਰਕਾਰ ਆਮ ਆਦਮੀ ਨੂੰ ਕੋਈ ਰਾਹਤ ਨਾ ਦੇ ਕੇ ਦੇਸ਼ ਦਾ ਕਰਜ਼ਾ ਲਗਾਤਾਰ ਵਧਾ ਰਹੀ ਹੈ। ਇਸ ਵਾਰ ਵੀ ਕਰਜ਼ਾ 10 ਫੀਸਦੀ ਵਧਿਆ ਹੈ।
ਕੇਂਦਰ ਸਰਕਾਰ ਨੇ 5 ਸਾਲਾਂ ’ਚ ਕਿਸਾਨਾਂ ਦਾ ਬਜਟ ਅੱਧਾ ਕਰ ਦਿੱਤਾ, ਆਮਦਨ ਦੁੱਗਣੀ ਕਿਵੇਂ ਹੋਵੇਗੀ : ਦੁਸ਼ਯੰਤ ਚੌਟਾਲਾ
ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਬਜਟ ਨੂੰ ਆਮ ਆਦਮੀ ਦੇ ਹਿੱਤਾਂ ਵਾਲਾ ਬਜਟ ਕਹਿਣ ਦੀ ਬਜਾਏ ਕੇਂਦਰ ਸਰਕਾਰ ਨੂੰ ਬਚਾਉਣ ਲਈ ਮੈਨੇਜਮੈਂਟ ਕਰਨ ਵਾਲਾ ਬਜਟ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ’ਚ ਸਿਰਫ਼ ਆਂਧਰਾ ਪ੍ਰਦੇਸ਼ ਤੇ ਬਿਹਾਰ ’ਤੇ ਹੀ ਧਿਆਨ ਕੇਂਦਰਿਤ ਕੀਤਾ ਗਿਆ ਹੈ। ਹਰਿਆਣਾ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਹ ਹੁਣ ਤੱਕ ਦਾ ਸਭ ਤੋਂ ਮਾੜਾ ਬਜਟ ਹੈ। ਪਿਛਲੇ 5 ਸਾਲਾਂ ਤੋਂ ਮੋਦੀ ਸਰਕਾਰ ਖੇਤੀ ਬਜਟ ਨੂੰ ਲਗਾਤਾਰ ਘਟਾ ਰਹੀ ਹੈ, ਜੋ ਅੱਜ 2019 ਦੇ ਬਜਟ ਨਾਲੋਂ ਅੱਧਾ ਰਹਿ ਗਿਆ ਹੈ।