ਹਲਵਾ ਸੈਰੇਮਨੀ ਨਾਲ ਅੱਜ ਤੋਂ ਸ਼ੁਰੂ ਹੋਈ ਬਜਟ ਦਸਤਾਵੇਜ਼ਾਂ ਦੀ ਛਪਾਈ, 1 ਫਰਵਰੀ ਨੂੰ ਹੋਵੇਗਾ ਪੇਸ਼

01/20/2020 1:50:05 PM

ਨਵੀਂ ਦਿੱਲੀ — ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਸਾਲ 2020 ਦੇ ਬਜਟ ਦੀ ਹਲਵਾ ਸੈਰੇਮਨੀ ਨਾਲ ਸ਼ੁਰੂਆਤ ਹੋ ਗਈ ਹੈ। ਅੱਜ ਨਾਰਥ ਬਲਾਕ ਵਿਚ ਸਥਿਤ ਵਿੱਤ ਮੰਤਰਾਲੇ 'ਚ ਸੋਮਵਾਰ ਨੂੰ ਹਲਵਾ ਰਸਮ ਦਾ ਆਯੋਜਨ ਕੀਤਾ। ਇਸ ਰਸਮ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਸਮੇਤ ਵਿੱਤ ਮੰਤਰਾਲੇ ਦੇ ਕਈ ਅਧਿਕਾਰੀਆਂ ਨੇ ਹਾਜ਼ਰੀ ਭਰੀ। ਹਲਵਾ ਤਿਆਰ ਹੋਣ ਦੇ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸਮਾਰੋਹ 'ਚ ਮੌਜੂਦ ਲੋਕਾਂ ਨੂੰ ਹਲਵਾ ਵੰਡਿਆ। ਇਹ ਇਕ ਰਵਾਇਤ ਰਹੀ ਹੈ ਕਿ ਵਿੱਤ ਮੰਤਰੀ ਖੁਦ ਆਪਣੇ ਮੰਤਰਾਲੇ ਦੇ ਅਧਿਕਾਰੀਆਂ ਨਾਲ ਇਸ ਮੌਕੇ ਹਾਜ਼ਰ ਹੋ ਕੇ ਇਸ ਦੀ ਸ਼ੁਰੂਆਤ ਕਰਦੇ ਹਨ। ਨਾਰਥ ਬਲਾਕ ਵਿਚ ਹੋਣ ਵਾਲੇ ਇਸ ਪ੍ਰੋਗਰਾਮ 'ਚ ਹਲਵਾ ਬਣਾ ਕੇ ਹਰ ਕਿਸੇ ਦਾ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। 

 

ਸੈਰੇਮਨੀ ਦੇ ਬਾਅਦ ਸ਼ੁਰੂ ਹੁੰਦੀ ਹੈ ਬਜਟ ਦੀ ਛਪਾਈ

ਬਜਟ ਦੀ ਛਪਾਈ ਸ਼ੁਰੂ ਹੋਣ ਤੋਂ ਪਹਿਲਾਂ ਹਰ ਸਾਲ ਇਸ ਹਲਵਾ ਸੈਰੇਮਨੀ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਸੈਰੇਮਨੀ ਦੇ ਬਾਅਦ ਬਜਟ ਦਸਤਾਵੇਜ਼ਾਂ ਦੀ ਛਪਾਈ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਹਲਵਾ ਵੰਡਣ ਦੇ ਬਾਅਦ ਮੰਤਰਾਲੇ ਦੇ 50 ਤੋਂ ਜ਼ਿਆਦਾ ਲੋਕ ਦਸਤਾਵੇਜ਼ਾਂ ਦੀ ਛਪਾਈ ਲਈ ਦਿਨ-ਰਾਤ ਇਕ ਕਰ ਦਿੰਦੇ ਹਨ। ਆਮਤੌਰ 'ਤੇ ਇਹ ਕੰਮ ਵਿੱਤ ਮੰਤਰਾਲੇ ਦੇ ਬੇਸਮੈਂਟ ਵਿਚ ਹੁੰਦਾ ਹੈ। ਸਾਲ 1980 ਤੋਂ ਬਜਟ ਛਪਾਈ ਦਾ ਕੰਮ ਇਥੇ ਹੀ ਹੋ ਰਿਹਾ ਹੈ। ਬਜਟ ਪੇਸ਼ ਹੋਣ ਤੋਂ ਲਗਭਗ ਇਕ ਹਫਤਾ ਪਹਿਲਾਂ ਤੋਂ ਇਨ੍ਹਾਂ ਲੋਕਾਂ ਨੂੰ ਮੰਤਰਾਲੇ ਵਿਚ ਘਰ-ਪਰਿਵਾਰ ਤੋਂ ਦੂਰ ਕੈਦ ਕਰ ਦਿੱਤਾ ਜਾਂਦਾ ਹੈ ਅਤੇ ਬਜਟ ਪੇਸ਼ ਹੋਣ ਦੇ ਬਾਅਦ ਹੀ ਇਨ੍ਹਾਂ ਨੂੰ ਬਾਹਰ ਨਿਕਲਣ ਦਿੱਤਾ ਜਾਂਦਾ ਹੈ। 

ਸੁਰੱਖਿਆ ਦੇ ਪੁਖਤਾ ਇਤਜ਼ਾਮ

ਬਜਟ ਦੀ ਗੁਪਤਤਾ ਕਾਇਮ ਰੱਖਣ ਲਈ ਬੇਸਮੈਂਟ ਦੀ ਸੁਰੱਖਿਆ ਸਰਹੱਦ ਦੀ ਸੁਰੱਖਿਆ ਵਿਵਸਥਾ ਵਰਗੀ ਦਿਖਣ ਲੱਗ ਜਾਂਦੀ ਹੈ। ਇਨ੍ਹਾਂ ਅਧਿਕਾਰੀਆਂ ਨੂੰ ਇਨ੍ਹਾਂ ਦਿਨਾਂ ਦੌਰਾਨ ਪਰਿਵਾਰ ਨਾਲ ਗੱਲਬਾਤ ਤੱਕ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਂਦੀ ਹੈ। ਜੇਕਰ ਇਨ੍ਹਾਂ ਦੇ ਘਰ ਵਿਚ ਕੋਈ ਐਮਰਜੈਂਸੀ ਹੋ ਵੀ ਜਾਏ ਤਾਂ ਇਨ੍ਹਾਂ ਨੂੰ ਮੰਤਰਾਲੇ ਦੇ ਲੈਂਡਲਾਈਨ ਫੋਨ 'ਤੇ ਹੀ ਗੱਲਬਾਤ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪੂਰੀ ਗੱਲਬਾਤ ਨਿਗਰਾਨੀ ਵਿਚ ਹੁੰਦੀ ਹੈ ਅਤੇ ਗੱਲਬਾਤ ਦੀ ਪੂਰੀ ਰਿਕਾਰਡਿੰਗ ਕੀਤੀ ਜਾਂਦੀ ਹੈ।

ਬਜਟ ਭਾਸ਼ਣ ਸ਼ੁਰੂ ਹੁੰਦੇ ਹੀ ਕੈਦ ਅਧਿਕਾਰੀ ਆਪਣੇ ਬੈਗ ਲੈ ਕੇ ਆਪਣੇ ਪਰਿਵਾਰ ਨੂੰ ਮਿਲਣ ਲਈ ਤਿਆਰ ਹੋ ਜਾਂਦੇ ਹਨ। ਬਜਟ ਪੇਸ਼ ਹੋਣ ਦੇ ਬਾਅਦ ਇਨ੍ਹਾਂ ਅਧਿਕਾਰੀਆਂ ਨੂੰ ਬਾਹਰ ਜਾਣ ਦੀ ਆਗਿਆ ਮਿਲ ਜਾਂਦੀ ਹੈ।


Related News