ਬਜਟ ਆਧੁਨਿਕ ਭਾਰਤ ਦੇ ਨਿਰਮਾਣ ''ਚ ਮੀਲ ਦਾ ਪੱਥਰ ਸਾਬਤ ਹੋਵੇਗਾ: ਖੱਟੜ
Wednesday, Feb 01, 2023 - 05:11 PM (IST)
ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਲੋਕ ਸਭਾ ਵਿਚ ਸਾਲ 2023-24 ਲਈ ਬੁੱਧਵਾਰ ਨੂੰ ਪੇਸ਼ ਕੀਤੇ ਗਏ ਬਜਟ ਨੂੰ ਸਾਰੇ ਵਰਗਾਂ ਲਈ ਹਿੱਤਕਾਰੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਦੇਸ਼ ਦੇ ਵਿਕਾਸ 'ਚ ਮੀਲ ਦਾ ਪੱਥਰ ਸਾਬਤ ਹੋਵੇਗਾ। ਖੱਟੜ ਨੇ ਬਜਟ 'ਤੇ ਇਹ ਪ੍ਰਤੀਕਿਰਿਆ ਦੇਣ ਦੇ ਨਾਲ ਹੀ ਕਿਹਾ ਕਿ ਇਸ 'ਚ ਦੇਸ਼ ਅਤੇ ਸਮਾਜ ਦੇ ਪ੍ਰਤੀ ਸਰਕਾਰ ਜੋ 7 ਤਰਜੀਹਾਂ ਦੱਸੀਆਂ ਗਈਆਂ ਹਨ, ਉਸ ਨਾਲ ਸਮਾਜ ਦੇ ਹਰ ਵਰਗ ਦਾ ਕਲਿਆਣ ਹੋਵੇਗਾ ਅਤੇ ਆਧੁਨਿਕ ਭਾਰਤ ਦੇ ਨਿਰਮਾਣ 'ਚ ਮੀਲ ਦਾ ਪੱਥਰ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਫ਼ਨਿਆਂ ਅਨੁਸਾਰ ਦੇਸ਼ ਨੂੰ ਵਿਸ਼ਵ ਦੀ ਮੋਹਰੀ ਅਰਥ ਵਿਵਸਥਾ ਬਣਾਉਣ ਦੀ ਦਿਸ਼ਾ 'ਚ ਆਮ ਬਜਟ ਫਲਦਾਇਕ ਸਾਬਤ ਹੋਵੇਗਾ। ਇਹ ਸਿਰਫ਼ ਇਕ ਬਜਟ ਹੀ ਨਹੀਂ, ਸਗੋਂ ਭਵਿੱਖ ਦੇ ਭਾਰਤ ਦੇ ਅੰਮ੍ਰਿਤਕਾਲ ਲਈ ਇਕ ਵਿਜ਼ਨ ਦਸਤਾਵੇਜ਼ ਵੀ ਹੈ। ਇਹ ਇਕ ਸਰਬ-ਸਮਰੱਥ, ਸਰਬ-ਸੁਰੱਖਿਅਤ ਅਤੇ ਸਰਬ-ਸ਼ਾਮਲ ਬਜਟ ਹੈ, ਜੋ ਦੇਸ਼ ਵਾਸੀਆਂ ਨੂੰ ਨਵੀਂ ਊਰਜਾ ਦਿੰਦਾ ਹੈ। ਇਹ ਚੰਗੇ ਸ਼ਾਸਨ, ਗਰੀਬੀ ਹਟਾਉਣ, ਸਮਾਜਿਕ-ਆਰਥਿਕ ਪਰਿਵਰਤਨ ਅਤੇ ਰੁਜ਼ਗਾਰ ਸਿਰਜਣ ਦਾ ਨਵਾਂ ਅਧਿਆਏ ਲਿਖਣ ਵਿਚ ਮਹੱਤਵਪੂਰਨ ਯੋਗਦਾਨ ਪਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਬਜਟ ਵਿਚ ਨੌਕਰੀ ਪੇਸ਼ਾ ਵਿਅਕਤੀਆਂ, ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਦੇ ਸਸ਼ਕਤੀਕਰਨ ਨੂੰ ਧਿਆਨ 'ਚ ਰੱਖਿਆ ਗਿਆ ਹੈ। ਬਜਟ 'ਚ ਬੁਨਿਆਦੀ ਢਾਂਚਾ ਵਿਕਾਸ, ਸਿਹਤ, ਰੁਜ਼ਗਾਰ ਸਿਰਜਣ, ਆਵਾਸ, ਸਮਾਜ ਕਲਿਆਣ, ਕਿਸਾਨ ਕਲਿਆਣ, ਉੱਚ ਸਿੱਖਿਆ, ਨਵੀਨਤਾ ਅਤੇ ਖੋਜ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ, ਜੋ ਹਰਿਆਣਾ ਲਈ ਲਾਭਦਾਇਕ ਹੋਵੇਗਾ।