ਅਯੁੱਧਿਆ ਮਾਮਲੇ ''ਤੇ ਹੁਣ ਬੀਜੇਪੀ ਦੀ ਇਸ ਸੰਸਦ ਮੈਂਬਰ ਨੇ ਕੀਤੀ ਇਹ ਮੰਗ
Saturday, Nov 10, 2018 - 06:06 PM (IST)

ਲਖਨਊ— ਬੀਜੇਪੀ ਸੰਸਦ ਮੈਂਬਰ ਸਾਵਿਤਰੀ ਬਾਈ ਫੁਲੇ ਨੇ ਅਯੁੱਧਿਆ 'ਚ ਵਿਵਾਦਿਤ ਸਥਾਨ 'ਤੇ ਭਗਵਾਨ ਬੁੱਧ ਦੀ ਮੂਰਤੀ ਸਥਾਪਿਤ ਕਰਨ ਦੀ ਮੰਗ ਕੀਤੀ ਹੈ। ਬਹਿਰਾਇਚ ਤੋਂ ਸੰਸਦ ਮੈਂਬਰ ਸਾਵਿਤਰੀ ਬਾਈ ਦਾ ਇਹ ਬਿਆਨ ਯੋਗੀ ਸਰਕਾਰ ਵੱਲੋਂ ਅਯੁੱਧਿਆ 'ਚ ਰਾਮ ਦੀ ਮੂਰਤੀ ਬਣਾਉਣ ਦੇ ਐਲਾਨ ਤੋਂ ਬਾਅਦ ਆਇਆ ਹੈ। ਸੰਸਦ ਮੈਂਬਰ ਨੇ ਕਿਹਾ ਕਿ ਅਯੁੱਧਿਆ ਬੁੱਧ ਦਾ ਕਰਮ ਸਥਾਨ ਹੈ, ਇਸ ਲਈ ਉਥੇ ਬੁੱਧ ਦੀ ਮੂਰਤੀ ਸਥਾਪਿਤ ਹੋਣੀ ਚਾਹੀਦੀ ਹੈ। ਸਾਵਿਤਰੀ ਬਾਈ ਫੁਲੇ ਨੇ ਵਿਵਾਦਿਤ ਸਥਾਨ 'ਚ ਹੋਈ ਖੁਦਾਈ ਦੌਰਾਨ ਨਿਕਲੇ ਅਵਸ਼ੇਸ਼ਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਅਵਸ਼ੇਸ਼ ਬੁੱਧ ਨਾਲ ਜੁੜੇ ਹੋਏ ਸਨ।
ਬੀਜੇਪੀ ਸਰਕਾਰ ਤੇ ਉਸ ਦੇ ਮੰਤਰੀਆਂ ਵੱਲੋਂ ਬਿੱਲ ਲੈ ਕੇ ਮੰਦਰ ਨਿਰਮਾਣ ਕਰਨ ਵਾਲੇ ਬਿਆਨਾਂ ਨਾਲ ਜੁੜੇ ਇਕ ਸਵਾਲ ਦੇ ਜਵਾਬ 'ਚ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਰੇ ਧਰਮਾ ਦਾ ਸਨਮਾਨ ਕਰਦਾ ਹੈ। ਇਸ ਲਈ ਭਾਰਤ ਨੂੰ ਧਰਮ ਨਿਰਪੱਖ ਦੇਸ਼ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਨੇ ਬੀਜੇਪੀ ਸਰਕਾਰ ਤੇ ਇਸ ਦੇ ਮੰਤਰੀਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ ਨੂੰ ਅਸੰਵਿਧਾਨਕ ਕਰਾਰ ਦਿੱਤਾ। ਨਾਲ ਹੀ ਉਨ੍ਹਾਂ ਨੇ ਸੰਵਿਧਾਨ ਮੁਤਾਬਕ ਸਲੂਕ ਕਰਨ ਦੀ ਸਲਾਹ ਦਿੱਤੀ।
ਜ਼ਿਕਰਯੋਗ ਹੈ ਕਿ ਰਾਮ ਮੰਦਰ ਮੁੱਦੇ ਦੀ ਸੁਣਵਾਈ ਨੂੰ ਸੁਪਰੀਮ ਕੋਰਟ ਨੇ ਜਨਵਰੀ ਤਕ ਟਾਲ ਦਿੱਤਾ ਹੈ। ਇਸ ਤੋਂ ਬਾਅਦ ਅਯੁੱਧਿਆ 'ਚ ਸੰਤ ਬੀਜੇਪੀ ਸਰਕਾਰ 'ਤੇ ਆਰਡੀਨੈਂਸ ਲੈ ਕੇ ਰਾਮ ਮੰਦਰ ਨਿਰਮਾਣ ਦਾ ਮਾਰਗ ਪੱਧਰਾ ਕਰਨ ਦਾ ਦਬਾਅ ਬਣਾ ਰਹੇ ਹਨ। ਦੀਵਾਲੀ ਮੌਕੇ 'ਤੇ ਸੀ. ਐੱਮ. ਯੋਗੀ ਅਯੁੱਆਿ 'ਚ ਰਾਮ ਦੀ ਮੂਰਤੀ ਸਥਾਪਿਤ ਕਰਨ ਦਾ ਐਲਾਨ ਕਰ ਚੁੱਕੇ ਹਨ। ਉਥੇ ਹੀ ਡਿਪਟੀ ਸੀ. ਐੱਮ. ਕੇਸ਼ਵ ਪ੍ਰਸਾਦ ਮੌਰਿਆ ਸਣੇ ਕਈ ਬੀਜੇਪੀ ਨੇਤਾ ਆਰਡੀਨੈਂਸ ਦੇ ਜ਼ਰੀਏ ਮੰਦਰ ਨਿਰਮਾਣ ਦੇ ਬਦਲ ਦੀ ਗੱਲ ਵੀ ਕਰ ਚੁੱਕੇ ਹਨ।