ਰਾਜਸਥਾਨ 'ਚ BSF ਨੇ ਸਰਹੱਦ ਤੋਂ ਫੜੀ 12 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ, ਹਿਰਾਸਤ 'ਚ ਲਏ 2 ਪੰਜਾਬੀ

Tuesday, Mar 07, 2023 - 05:26 PM (IST)

ਰਾਜਸਥਾਨ 'ਚ BSF ਨੇ ਸਰਹੱਦ ਤੋਂ ਫੜੀ 12 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ, ਹਿਰਾਸਤ 'ਚ ਲਏ 2 ਪੰਜਾਬੀ

ਜੈਪੁਰ (ਭਾਸ਼ਾ)- ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਘੜਸਾਨਾ ਥਾਣਾ ਖੇਤਰ 'ਚ ਸਰਹੱਦੀ ਸੁਰੱਖਿਆ ਫ਼ੋਰਸ ਨੇ ਮੰਗਲਵਾਰ ਤੜਕੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਡਰੋਨ ਰਾਹੀਂ ਪਾਕਿਸਤਾਨ ਤੋਂ ਤਸਕਰੀ ਕਰ ਕੇ 12 ਕਰੋੜ ਰੁਪਏ ਵੱਧ ਕੀਮਤ ਦੀ ਹੈਰੋਇਨ ਬਰਾਮਦ ਕਰ ਕੇ ਇਸ ਨੂੰ ਲੈਣ ਪੁੱਜੇ ਪੰਜਾਬ ਦੇ 2 ਲੋਕਾਂ ਨੂੰ ਹਿਰਾਸਤ 'ਚ ਲੈ ਲਿਆ। ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਸੂਤਰਾਂ ਅਨੁਸਾਰ ਮੁਖਬਿਰ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਮੰਗਲਵਾਰ ਸਵੇਰੇ ਟੀਬਾ ਚੌਕੀ 'ਤੇ ਫ਼ੋਰਸ ਦੇ ਜਵਾਨਾਂ ਨੇ ਇਕ ਡਰੋਨ ਨੂੰ ਪੈਕੇਟ ਸੁੱਟਦੇ ਦੇਖਿਆ ਅਤੇ ਉਸ 'ਤੇ ਗੋਲੀਬਾਰੀ ਕੀਤੀ ਪਰ ਉਹ ਤੇਜ਼ੀ ਨਾਲ ਵਾਪਸ ਚੱਲਾ ਗਿਆ।

ਉਨ੍ਹਾਂ ਦੱਸਿਆ ਕਿ ਡਰੋਨ ਵਲੋਂ ਸੁੱਟੇ ਗਏ ਪੈਕੇਟ ਤੋਂ ਕਰੀਬ 2 ਕਿਲੋ 600 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਇਸ ਨੂੰ ਲੈ ਕੇ ਪੁੱਜੇ ਪੰਜਾਬ ਦੇ ਫਾਜ਼ਿਲਕਾ ਵਾਸੀ ਰਿੰਕੂ ਉਰਫ਼ ਹਰਜਿੰਦਰ ਅਤੇ ਸੰਦੀਪ ਨੂੰ ਫੜ ਕਰ ਕੇ ਪੁੱਛ-ਗਿੱਛ ਲਈ ਨਾਰਕੋ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਐੱਨ.ਸੀ.ਬੀ. ਦੇ ਅਧਿਕਾਰੀ ਦੋਹਾਂ ਤੋਂ ਪੁੱਛ-ਗਿੱਛ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਫੜੀ ਗਈ 2 ਕਿਲੋ 600 ਗ੍ਰਾਮ ਸ਼ੱਕੀ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ 12 ਕਰੋੜ ਤੋਂ 15 ਕਰੋੜ ਰੁਪਏ ਵਿਚਾਲੇ ਹੈ। ਘੜਸਾਨਾ ਥਾਣਾ ਅਧਿਕਾਰੀ ਜਿਤੇਂਦਰ ਸਵਾਮੀ ਨੇ ਦੱਸਿਆ ਕਿ ਸਰਹੱਦੀ ਸੁਰੱਖਿਆ ਫ਼ੋਰਸ ਨੇ ਡਰੋਨ 'ਤੇ ਗੋਲੀਬਾਰੀ ਕਰ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਤੇਜ਼ੀ ਨਾਲ ਵਾਪਸ ਚੱਲਾ ਗਿਆ। ਜਵਾਨਾਂ ਨੇ ਡਰੋਨ ਵਲੋਂ ਸੁੱਟੇ ਗਏ ਪੈਕੇਟ ਨੂੰ ਜ਼ਬਤ ਕਰ ਲਿਆ ਅਤੇ ਪੈਕੇਟ ਲੈਣ ਪੁੱਜੇ ਪੰਜਾਬ ਦੇ 2 ਲੋਕਾਂ ਨੂੰ ਫੜ ਕੇ ਐੱਨ.ਸੀ.ਬੀ. ਨੂੰ ਪੁੱਛ-ਗਿੱਛ ਲਈ ਸੌਂਪ ਦਿੱਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News