ਵੱਡੀ ਘਟਨਾ ਟਲੀ, BSF ਨੇ ਭਾਰਤ-ਪਾਕਿ ਸਰਹੱਦ ਨੇੜੇ ਹਥਿਆਰਾਂ, ਗੋਲਾ-ਬਾਰੂਦ ਦਾ ਜ਼ਖ਼ੀਰਾ ਕੀਤਾ ਬਰਾਮਦ

04/07/2022 1:31:51 PM

ਜੰਮੂ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਜੰਮੂ 'ਚ ਕੌਮਾਂਤਰੀ ਸਰਹੱਦ (ਆਈ.ਬੀ.) 'ਤੇ ਇਕ ਵਿਸ਼ੇਸ਼ ਤਲਾਸ਼ ਮੁਹਿੰਮ ਦੌਰਾਨ ਵੀਰਵਾਰ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਜ਼ਖ਼ੀਰਾ ਬਰਾਮਦ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹੀਆਂ ਖੁਫ਼ੀਆ ਸੂਚਨਾਵਾਂ ਮਿਲੀਆਂ ਸਨ ਕਿ ਪਾਕਿਸਤਾਨ ਸਥਿਤ ਅੱਤਵਾਦੀ ਹਥਿਆਰਾਂ ਦੀ ਭਾਰਤੀ ਖੇਤਰ 'ਚ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਤੋਂ ਬਾਅਦ ਵਿਸ਼ੇਸ਼ ਤਲਾਸ਼ ਮੁਹਿੰਮ (ਐੱਸ.ਐੱਚ.ਓ.) ਚਲਾਈ ਗਈ। ਉਨ੍ਹਾਂ ਦੱਸਿਆ ਕਿ ਸੂਚਨਾਵਾਂ ਮਿਲਣ ਤੋਂ ਬਾਅਦ ਸੁਰੱਖਿਆ ਫ਼ੋਰਸ ਬੇਹੱਦ ਸਰਗਰਮੀ ਵਰਤ ਰਹੇ ਸਨ ਅਤੇ ਕੌਮਾਂਤਰੀ ਸਰਹੱਦ 'ਤੇ ਲੱਗੀਆਂ ਤਿੰਨ ਪੱਧਰੀ ਬਾੜਬੰਦੀਆਂ ਨੇੜੇ ਇਲਾਕਿਆਂ 'ਚ ਨਿਯਮਿਤ ਤੌਰ 'ਤੇ ਗਸ਼ਤ ਕਰ ਰਹੇ ਸਨ। 

ਉਨ੍ਹਾਂ ਦੱਸਿਆ ਕਿ ਅਖਨੂਰ ਦੇ ਪਰਗਵਾਲ ਉਪ-ਸੈਕਟਰ 'ਚ ਆਈ.ਬੀ. 'ਤੇ ਐੱਸ.ਐੱਚ.ਓ. ਚਲਾਇਆ ਗਿਆ ਅਤੇ ਇਸ ਦੌਰਾਨ ਹਥਿਆਰਾਂ ਅਤੇ ਗੋਲਾ ਬਾਰੂਦ ਨਾਲ ਪੂਰੀ ਤਰ੍ਹਾਂ ਭਰਿਆ ਇਕ ਬੈਗ ਬਰਾਮਦ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਹਥਿਆਰਾਂ 'ਚ ਇਕ ਏ.ਕੇ.-47 ਰਾਈਫ਼ਲ, ਏ.ਕੇ.-47 ਰਾਈਫ਼ਲ ਦੀਆਂ ਗੋਲੀਆਂ, 2 ਮੈਗਜ਼ੀਨ, 2 ਇਟਲੀ ਨਿਰਮਿਤ ਪਿਸਤੌਲ, ਪਿਸਤੌਲ ਦੀਆਂ 40 ਗੋਲੀਆਂ ਅਤੇ ਚਾਰ ਪਿਸਤੌਲ ਮੈਗਜ਼ੀਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਨੇ ਪਾਕਿਸਤਾਨ ਤੋਂ ਹਥਿਆਰਾਂ ਦੀ ਇਸ ਖੇਪ ਨੂੰ ਭਾਰ ਪਹੁੰਚਣ ਤੋਂ ਰੋਕ ਕੇ ਇਕ ਵੱਡੀ ਘਟਨਾ ਹੋਣ ਤੋਂ ਬਚਾ ਲਈ ਹੈ। ਬੀ.ਐੱਸ.ਐੱਫ. ਦੇ ਡਿਪਟੀ ਜਨਰਲ ਇੰਸਪੈਕਟਰ (ਡੀ.ਆਈ.ਜੀ.) ਐੱਸ.ਕੇ. ਸਿੰਘ ਨੇ ਪੱਤਰਕਾਰਾਂ ਨਾਲ ਨਾਲ ਗੱਲਬਾਤ 'ਚ ਕਿਹਾ ਕਿ ਸੁਰੱਖਿਆ ਫ਼ੋਰਸਾਂ ਨੇ ਇਕ ਵਾਰ ਮੁੜ ਪਾਕਿਸਤਾਨੀ ਅੱਤਵਾਦੀਆਂ ਦੇ ਨਾਕਾਮ ਮਨਸੂਬਿਆਂ ਦਾ ਪਰਦਾਫਾਸ਼ ਕਰ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਰੋਕ ਲਗਾਈ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਸੁਰੱਖਿਆ ਫ਼ੋਰਸ ਹਰ ਸਮੇਂ ਸਰਗਰਮ ਅਤੇ ਕੌਮਾਂਤਰੀ ਸਰਹੱਦ ਦੀ ਸੁਰੱਖਿਆ ਲਈ ਵਚਨਬੱਧ ਹੈ।


DIsha

Content Editor

Related News