ਭਿਆਨਕ ਸੜਕ ਹਾਦਸੇ 'ਚ ਗਈ ਵਿਧਾਇਕਾ ਦੀ ਜਾਨ, ਕਾਰ ਦੇ ਉੱਡੇ ਪਰਖੱਚੇ (ਵੀਡੀਓ)
Friday, Feb 23, 2024 - 01:35 PM (IST)
ਹੈਦਰਾਬਾਦ (ਵਾਰਤਾ)- ਤੇਲੰਗਾਨਾ 'ਚ ਭਾਰਤ ਰਾਸ਼ਟਰ ਕਮੇਟੀ (ਬੀ.ਆਰ.ਐੱਸ.) ਦੀ ਵਿਧਾਇਕਾ ਲਸਯਾ ਨੰਦਿਤਾ ਦੀ ਸ਼ੁੱਕਰਵਾਰ ਨੂੰ ਸੰਗਾਰੈੱਡੀ ਜ਼ਿਲ੍ਹੇ ਦੇ ਪਤਨਚੇਰੂ 'ਚ ਇਕ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ। ਸਿਕੰਦਰਾਬਾਦ ਕੈਂਟ ਤੋਂ ਵਿਧਾਇਕਾ 33 ਸਾਲ ਦੀ ਸੀ। ਪੁਲਸ ਅਨੁਸਾਰ ਬੇਕਾਬੂ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਨਾਲ ਇਹ ਹਾਦਸਾ ਹੋਇਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ। ਬੀ.ਆਰ.ਐੱਸ. ਮੁਖੀ ਕੇ. ਚੰਦਰਸ਼ੇਖਰ ਰਾਓ ਨੇ ਸੁਸ਼੍ਰੀ ਨੰਦਿਤਾ ਦੇ ਦਿਹਾਂਤ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਬੀ.ਆਰ.ਐੱਸ. ਦੇ ਕਾਰਜਕਾਰੀ ਪ੍ਰਧਾਨ ਕੇ.ਟੀ. ਰਾਮਾ ਰਾਵ ਨੇ ਵੀ ਵਿਧਾਇਕਾ ਦੇ ਦਿਹਾਂਤ 'ਤੇ ਦੁੱਖ ਜ਼ਾਹਰ ਕੀਤਾ ਹੈ। ਪੁਲਸ ਨੇ ਕਿਹਾ ਕਿ ਇਹ ਹਾਦਸਾ ਸ਼ੁੱਕਰਵਾਰ ਸਵੇਰੇ ਉਦੋਂ ਹੋਇਆ ਜਦੋਂ ਵਿਧਾਇਕਾ ਸਿਕੰਦਰਾਬਾਦ ਤੋਂ ਸਦਾਸ਼ਿਵਪੇਟ ਜਾ ਰਹੀ ਸੀ। ਡਰਾਈਵਰ ਨੇ ਕਾਰ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਵਾਹਨ ਡਿਵਾਈਡਰ ਨਾਲ ਟਕਰਾ ਗਿਆ। ਇਸ ਹਾਦਸੇ ਨਚ ਵਿਧਾਇਕਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਪਾਟਨਚੇਰੂ ਏਰੀਆ ਹਸਪਤਾਲ ਭੇਜ ਦਿੱਤਾ ਗਿਆ ਹੈ। ਬਾਅਦ 'ਚ ਉਸ ਨੂੰ ਚਿੱਕੜਪੱਲੀ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਜਾਵੇਗਾ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਸੁਸ਼੍ਰੀ ਨੰਦਿਤਾ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ ਹੈ। ਸ਼੍ਰੀ ਰੈੱਡੀ ਨੇ 'ਐਕਸ' 'ਤੇ ਕਿਹਾ,''ਕੈਂਟ ਵਿਧਾਇਕਾ ਲਸਯਾ ਨੰਦਿਤਾ ਦੇ ਦਿਹਾਂਤ ਨਾਲ ਮੈਨੂੰ ਡੂੰਘਾ ਸਦਮਾ ਲੱਗਾ ਹੈ। ਨੰਦਿਤਾ ਦੇ ਪਿਤਾ ਮਰਹੂਮ ਸਯਾਨਾ ਨਾਲ ਮੇਰੇ ਕਰੀਬੀ ਰਿਸ਼ਤੇ ਸਨ। ਪਿਛਲੇ ਸਾਲ ਇਸੇ ਮਹੀਨੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਇਹ ਬਹੁਤ ਦੁਖ਼ਦ ਹੈ ਕਿ ਨੰਦਿਤਾ ਵੀ ਨਹੀਂ ਰਹੀ। ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਮੈਂ ਪਰਮਾਤਮਾ ਤੋਂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ ਦੀ ਪ੍ਰਾਰਥਨਾ ਕਰਦਾ ਹਾਂ।'' ਨੰਦਿਤਾ ਇਸ ਤੋਂ ਪਹਿਲਾਂ ਨਲਗੋਂਡਾ ਤੋਂ ਹੈਦਰਾਬਾਦ ਪਰਤਦੇ ਸਮੇਂ ਇਕ ਸੜਕ ਹਾਦਸੇ 'ਚ ਜ਼ਖ਼ਮੀ ਹੋ ਗਈ ਸੀ। ਪਿਛਲੇ ਸਾਲ 19 ਫਰਵਰੀ ਨੂੰ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਨੰਦਿਤਾ ਨੇ ਛਾਉਣੀ ਖੇਤਰ ਤੋਂ ਚੋਣ ਜਿੱਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8