ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਸ਼ਾਨ-ਏ-ਪੰਜਾਬ ਟਰੇਨ ਦੇ ਹੋਏ 2 ਹਿੱਸੇ
Thursday, Mar 23, 2023 - 11:45 AM (IST)
ਸਮਾਲਖਾ, (ਰਾਕੇਸ਼)- ਨਵੀਂ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਸ਼ਾਨ-ਏ-ਪੰਜਾਬ ਟਰੇਨ ਬੁੱਧਵਾਰ ਅਚਾਨਕ ਕਪਲਿੰਗ ਖੁਲ੍ਹ ਜਾਣ ਕਾਰਨ 2 ਹਿੱਸਿਆਂ ’ਚ ਵੰਡੀ ਗਈ ਪਰ ਲੋਕੋ ਪਾਇਲਟ ਤੇ ਗਾਰਡ ਦੀ ਸਿਆਣਪ ਕਾਰਨ ਵੱਡਾ ਹਾਦਸਾ ਵਾਪਰਨੋ ਟਲ ਗਿਆ।
ਇਹ ਘਟਨਾ ਮਨਾਣਾ ਅਤੇ ਖਲੀਲਾ ਫਾਟਕਾਂ ਦਰਮਿਆਨ ਵਾਪਰੀ। ਮੁਸਾਫਰਾਂ ਵਿੱਚ ਭੜਥੂ ਮੱਚ ਗਿਆ। ਸੂਚਨਾ ਮਿਲਦੇ ਹੀ ਰੇਲਵੇ ਸਟਾਫ਼ ਤੋਂ ਇਲਾਵਾ ਜੀ.ਆਰ.ਪੀ. ਅਤੇ ਆਰ.ਪੀ.ਐੱਫ. ਦੀਆਂ ਟੀਮ ਮੌਕੇ ’ਤੇ ਪਹੁੰਚ ਗਈਆਂ।
ਜੀ.ਆਰ.ਪੀ. ਦੇ ਇੰਚਾਰਜ ਸਬ-ਇੰਸਪੈਕਟਰ ਸੁਰਿੰਦਰ ਸਿੰਘ ਅਨੁਸਾਰ ਜਦੋਂ ਰੇਲਗੱਡੀ ਕਰੀਬ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਮਾਲਖਾ ਰੇਲਵੇ ਸਟੇਸ਼ਨ ਪਾਰ ਕਰ ਕੇ ਮਨਾਣਾ ਅਤੇ ਖਲੀਲਾ ਫਾਟਕਾਂ ਦਰਮਿਆਨ ਪਹੁੰਚੀ ਤਾਂ 8 ਡੱਬੇ ਅਚਾਨਕ ਰੇਲਗੱਡੀ ਦੇ ਪਿਛਲੇ ਹਿੱਸੇ ਤੋਂ ਵੱਖ ਹੋ ਗਏ।
ਇੰਜਣ ਸਮੇਤ ਕੁਝ ਡੱਬੇ ਥੋੜ੍ਹੀ ਦੂਰੀ ਤਕ ਚੱਲਦੇ ਰਹੇ। ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਾ ਕੇ ਟਰੇਨ ਨੂੰ ਰੋਕਿਆ। ਘਟਨਾ ਦੀ ਸੂਚਨਾ ਰੇਲਵੇ ਕੰਟਰੋਲ ਰੂਮ ਦੇ ਨਾਲ-ਨਾਲ ਪਾਨੀਪਤ ਤੇ ਸੋਨੀਪਤ ਦੇ ਰੇਲਵੇ ਅਧਿਕਾਰੀਆਂ ਨੂੰ ਦਿੱਤੀ ਗਈ।
ਤਕਨੀਕੀ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ, ਜਿਸ ਨੇ ਵਖ ਹੋਏ ਡੱਬਿਆਂ ਨੂੰ ਦੁਬਾਰਾ ਜੋੜਨ ਦਾ ਕੰਮ ਸ਼ੁਰੂ ਕੀਤਾ। ਕਰੀਬ 40 ਮਿੰਟ ਤੱਕ ਟਰੇਨ ਰੁਕੀ ਰਹੀ। ਇਸ ਤੋਂ ਬਾਅਦ ਟਰੇਨ ਨੂੰ ਦੁਬਾਰਾ ਰਵਾਨਾ ਕੀਤਾ ਗਿਆ।