ਵਿਆਹ ਦੀ ਖਰੀਦਦਾਰੀ ਕਰ ਰਹੇ ਵਿਅਕਤੀ ਦੀ ਕਾਰ ਦਾ ਤੋੜਿਆ ਸ਼ੀਸ਼ਾ, ਕੀਤੀ ਲੁੱਟ ਦੀ ਕੋਸ਼ਿਸ਼

11/12/2017 8:08:46 AM

ਕਰਨਾਲ — ਕਰਨਾਲ ਜੀ.ਟੀ. ਰੋਡ 'ਤੇ ਨਮਸਤੇ ਚੌਂਕ ਦੇ ਕੋਲ ਕੱਲ ਸ਼ਾਮ ਨੂੰ ਬਦਮਾਸ਼ਾਂ ਨੇ ਖਰੀਦਦਾਰੀ ਕਰ ਰਹੇ ਵਿਅਕਤੀ ਨਾਲ ਲੁੱਟ ਕਰਨ ਦੀ ਕੋਸ਼ਿਸ਼ ਕੀਤੀ। ਪਰ ਵਿਅਕਤੀ ਵਲੋਂ ਰੌਲਾ ਪਾਉਣ 'ਤੇ ਭੀੜ ਇਕੱਠੀ ਹੋਣ ਲੱਗੀ ਜਿਸ ਕਾਰਨ ਲੁਟੇਰੇ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਪਹਿਲਾਂ ਤੋਂ ਹੀ ਵਿਅਕਤੀ ਦਾ ਪਿੱਛਾ ਕਰ ਰਹੇ ਸਨ ਅਤੇ ਚੋਰੀ ਕਰਨ ਦੇ ਇਰਾਦੇ ਨਾਲ ਹੀ ਉਨ੍ਹਾਂ ਨੇ ਵਿਅਕਤੀ ਦੀ ਕਾਰ ਪੰਚਰ ਕੀਤੀ ਸੀ। ਲੁਟੇਰੇ ਵੀ ਇਕ ਕਾਰ 'ਚ ਸਵਾਰ ਹੋ ਕੇ ਹੀ ਆਏ ਸਨ।
ਸਮਾਲਖਾ ਨਿਵਾਸੀ ਪੀੜਤ ਪ੍ਰਵੇਸ਼ ਜੈਨ ਨੇ ਦੱਸਿਆ ਕਿ ਉਹ ਆਪਣੇ ਛੋਟੇ ਭਰਾ ਦੇ ਵਿਆਹ ਦੀ ਖਰੀਦਦਾਰੀ ਲਈ ਕਰਨਾਲ ਆਇਆ ਸੀ। ਪੀੜਤ ਜਦੋਂ ਕਰਨਾਲ ਤੋਂ ਵਾਪਸ ਘਰ ਜਾਉਣ ਲੱਗਾ ਤਾਂ ਉਸਦੀ ਕਾਰ ਦਾ ਟਾਇਰ ਪੰਚਰ ਹੋ ਗਿਆ, ਜਿਸ ਨੂੰ ਠੀਕ ਕਰਵਾਉਣ ਲਈ ਹੀ ਉਹ ਨਮਸਤੇ ਚੌਕ 'ਤੇ ਸਥਿਤ ਪੈਟਰੋਲ ਪੰਪ 'ਤੇ ਰੁਕਿਆ ਸੀ। ਇਸੇ ਦੌਰਾਨ ਸੈਂਟਰੋ ਕਾਰ 'ਚ ਆਏ ਕੁਝ ਬਦਮਾਸ਼ਾਂ ਨੇ ਉਸਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਲੁੱਟ ਦੀ ਕੋਸ਼ਿਸ ਕੀਤੀ। ਪੀੜਤ ਨੇ ਦੱਸਿਆ ਕਿ ਉਹ ਫੜਣ ਲਈ ਦੌੜਿਆ ਵੀ ਪਰ ਦੋਸ਼ੀ ਫਰਾਰ ਹੋ ਗਏ, ਸੈਂਟਰੋ ਕਾਰ ਦਾ ਨੰਬਰ 3854 ਦਿੱਲੀ ਦਾ ਸੀ।
ਪੀੜਤ ਅਨੁਸਾਰ ਜਦੋਂ ਉਹ ਸਰਾਫਾ ਬਾਜ਼ਾਰ ਅਤੇ ਕਰਣ ਗੇਟ 'ਚ ਖਰੀਦਦਾਰੀ ਕਰ ਰਿਹਾ ਸੀ ਤਾਂ ਕੁਝ ਲੜਕੇ ਉਸਦੀ ਕਾਰ ਦੇ ਕੋਲ ਖੜ੍ਹੇ ਸਨ ਸੋ ਹੋ ਸਕਦਾ ਹੈ ਕਿ ਉਸੇ ਸਮੇਂ ਹੀ ਉਨ੍ਹਾਂ ਨੇ ਕਾਰ ਦਾ ਟਾਇਰ ਪੰਚਰ ਕੀਤਾ ਹੋਵੇ। ਦੂਸਰੇ ਪਾਸੇ ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੌਕੇ 'ਤੇ ਮੌਜੂਦ ਗਵਾਹਾਂ ਤੋਂ ਪੁੱਛਗਿੱਛ ਕੀਤੀ ਅਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।


 


Related News