BRO ਨੇ ਸੇਲਾ ਸੁਰੰਗ ਪ੍ਰੋਜੈਕਟ ਤਹਿਤ ਖੁਦਾਈ ਦੇ ਸਾਰੇ ਕੰਮਾਂ ਦੀ ਕੀਤੀ ਸਮਾਪਤੀ

Sunday, Jan 23, 2022 - 06:17 PM (IST)

BRO ਨੇ ਸੇਲਾ ਸੁਰੰਗ ਪ੍ਰੋਜੈਕਟ ਤਹਿਤ ਖੁਦਾਈ ਦੇ ਸਾਰੇ ਕੰਮਾਂ ਦੀ ਕੀਤੀ ਸਮਾਪਤੀ

ਜੈਤੋ (ਰਘੁਨੰਦਨ ਪਰਾਸ਼ਰ)-ਰੱਖਿਆ ਮੰਤਰਾਲੇ ਨੇ ਸ਼ਨੀਵਾਰ ਕਿਹਾ ਹੈ ਕਿ ਸਰਹੱਦੀ ਸੜਕਾਂ ਦੇ ਨਿਰਦੇਸ਼ਕ (ਡੀ. ਜੀ. ਬੀ. ਆਰ.) ਲੈਫਟੀਨੈਂਟ ਜਨਰਲ ਰਾਜੀਵ ਚੌਧਰੀ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਤੋਂ ਇਕ ਈ-ਸਮਾਰੋਹ ਜ਼ਰੀਏ 980 ਮੀਟਰ ਲੰਬੀ ਸੇਲਾ ਸੁਰੰਗ (ਸੁਰੰਗ 1) ਲਈ ਅਖੀਰਲਾ ਵਿਸਫੋਟ ਕੀਤਾ। ਇਹ ਪੂਰੇ ਸੇਲਾ ਸੁਰੰਗ ਪ੍ਰੋਜੈਕਟ ਦੇ ਤਹਿਤ ਖੁਦਾਈ ਦੇ ਕੰਮਾਂ ਦੀ ਸਮਾਪਤੀ ਨੂੰ ਦਰਸਾਉਂਦਾ ਹੈ। ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀ. ਆਰ. ਓ.) ਨੇ ਖ਼ਰਾਬ ਮੌਸਮ ਅਤੇ ਭਾਰੀ ਬਰਫਬਾਰੀ ਦਰਮਿਆਨ ਇਹ ਉਪਲੱਬਧੀ ਹਾਸਲ ਕੀਤੀ ਹੈ। ਸੇਲਾ ਸੁਰੰਗ ਪ੍ਰੋਜੈਕਟ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਜ਼ਿਲ੍ਹੇ ’ਚ ਸਥਿਤ ਹੈ। ਇਸ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ ਇਹ ਤਵਾਂਗ ਨੂੰ ਹਰ ਮੌਸਮ ’ਚ ਕੁਨੈਕਟੀਵਿਟੀ ਪ੍ਰਦਾਨ ਕਰੇਗਾ, ਜਿਸ ਦੇ ਚਲਦਿਆਂ ਇਹ ਇਕ ਜੀਵਨ ਰੇਖਾ ਵਾਂਗ ਹੋਵੇਗੀ।  ਇਸ ਪ੍ਰੋਜੈਕਟ ’ਚ ਦੋ ਸੁਰੰਗਾਂ ਸ਼ਾਮਲ ਹਨ। ਪਹਿਲੀ 980 ਮੀਟਰ ਲੰਬੀ ਸੁਰੰਗ, ਸਿੰਗਲ ਟਿਊਬ ਸੁਰੰਗ ਅਤੇ ਦੂਜੀ 1555 ਮੀਟਰ ਲੰਬੀ ਸੁਰੰਗ, ਟਵਿਨ ਟਿਊਬ ਸੁਰੰਗ ਹੈ। ਸੁਰੰਗ 2 ’ਚ ਆਵਾਜਾਈ ਲਈ ਇਕ ਬਾਈ-ਲੇਨ ਟਿਊਬ ਅਤੇ ਐਮਰਜੈਂਸੀ ਦੀ ਹਾਲਤ ’ਚ ਬਚਣ ਵਾਲੀ ਟਿਊਬ ਹੈ।

ਇਹ 13,000 ਫੁੱਟ ਤੋਂ ਵੱਧ ਦੀ ਹੁਣ ਤੱਕ ਦੀਆਂ ਸਭ ਤੋਂ ਲੰਬੀਆਂ ਸੁਰੰਗਾਂ ’ਚੋਂ ਇਕ ਹੋਵੇਗੀ। ਇਸ ਪ੍ਰੋਜੈਕਟ ’ਚ ਸੁਰੰਗ 1 ਲਈ ਸੱਤ ਕਿਲੋਮੀਟਰ ਪਹੁੰਚ ਵਾਲੀ ਸੜਕ ਦਾ ਨਿਰਮਾਣ ਵੀ ਸ਼ਾਮਲ ਹੈ, ਜੋ ਬੀ. ਸੀ. ਟੀ. ਰੋਡ ਤੋਂ ਨਿਕਲਦੀ ਹੈ। ਇਸ ਤੋਂ ਇਲਾਵਾ ਸੁਰੰਗ 1 ਅਤੇ ਸੁਰੰਗ 2 ਨੂੰ ਜੋੜਨ ਵਾਲੀ 1.3 ਕਿਲੋਮੀਟਰ ਦਾ ਇਕ ਲਿੰਕ ਰੋਡ ਹੈ। 2019 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੇਲਾ ਸੁਰੰਗ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਉਥੇ ਹੀ, 15 ਜਨਵਰੀ, 2021 ਨੂੰ ਡੀ. ਜੀ. ਬੀ. ਆਰ. ਦੇ ਪਹਿਲੇ ਵਿਸਫੋਟ ਤੋਂ ਬਾਅਦ ਸੁਰੰਗ 1 ’ਤੇ ਖੁਦਾਈ ਦਾ ਕੰਮ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ 14 ਅਕਤੂਬਰ 2021 ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੰਡੀਆ ਗੇਟ ਤੋਂ ਇਕ ਈ-ਸਮਾਰੋਹ ਰਾਹੀਂ ਸੁਰੰਗ 2 ’ਤੇ ਧਮਾਕਾ ਕੀਤਾ ਸੀ। ਇਹ 1555 ਮੀਟਰ ਲੰਬੀ ਸੁਰੰਗ 2 ਦੀ ਖੁਦਾਈ ਦੇ ਕੰਮ ਦੇ ਸਿੱਟੇ ਵਜੋਂ ਚਿੰਨ੍ਹਿਤ ਹੈ।


author

Manoj

Content Editor

Related News